- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਕਅੱਪ ਦੀ ਟੱਕਰ ਨਾਲ ਡਿਲਿਵਰੀ ਬੁਆਏ ਸਣੇ ਤਿੰਨ ਗੰਭੀਰ ਜ਼ਖ਼ਮੀ

ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਓਲਡ ਅੰਬਾਲਾ ਰੋਡ 'ਤੇ ਐਤਵਾਰ ਨੂੰ ਵਾਪਰੇ ਸੜਕ ਹਾਦਸੇ ’ਚ ਇਕ ਕਥਿਤ ਰੂਪ ਵਿਚ ਤੇਜ਼ ਰਫ਼ਤਾਰ ਪਿਕਅੱਪ ਵਾਹਨ ਦੀ ਚਪੇਟ ’ਚ ਆਉਣ ਨਾਲ ਦੋ ਔਰਤਾਂ ਸਮੇਤ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਇਕ ਜ਼ੋਮੈਟੋ ਡਿਲਿਵਰੀ ਬੁਆਏ ਵੀ ਸ਼ਾਮਲ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਮੋਟਰਸਾਈਕਲ ਪਿਕਅੱਪ ਅਤੇ ਰੁੱਖ ਦੇ ਵਿਚਕਾਰ ਫਸ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਅਫ਼ੜਾ-ਦਫ਼ੜੀ ਮਚ ਗਈ ਅਤੇ ਰਾਹਗੀਰਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪ੍ਰਤੱਖਦਰਸ਼ੀਆਂ ਮੁਤਾਬਕ ਪਿਕਅੱਪ ਚਾਲਕ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਵਾਹਨ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਓਲਡ ਅੰਬਾਲਾ ਰੋਡ ’ਤੇ ਜਾਂਦੇ ਸਮੇਂ ਅਚਾਨਕ ਪਿੱਕਅੱਪ ਬੇਕਾਬੂ ਹੋ ਗਈ ਅਤੇ ਸੜਕ 'ਤੇ ਜਾ ਰਹੇ ਤਿੰਨ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਟੱਕਰ ਲੱਗਦਿਆਂ ਹੀ ਤਿੰਨੇ ਜਣੇ ਸੜਕ ’ਤੇ ਡਿੱਗ ਪਏ। ਹਾਦਸੇ ਵਿਚ ਜ਼ੋਮੈਟੋ ਡਿਲਿਵਰੀ ਬੁਆਏ ਅਤੇ ਦੋਵਾਂ ਔਰਤਾਂ ਦੇ ਲੱਤਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਡਲਿਵਰੀ ਬੁਆਏ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਐੱਸਆਈ ਸੁਲਖਣ ਸਿੰਘ ਨੇ ਪਿੱਕਅੱਪ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਚਾਲਕ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੈਡੀਕਲ ਰਿਪੋਰਟ ਅਤੇ ਮੌਕੇ ਤੋਂ ਜੁਟਾਏ ਗਏ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।