- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਸਰਾਂ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਅਧਿਕਾਰੀ ਗੁਰਬੰਸ ਸਿੰਘ ਬੈਂਸ ਐਸਆਈਟੀ ਦੀ ਅਗਵਾਈ ਕਰਨਗੇ, ਜਦਕਿ ਸਿਮਰਨਜੀਤ ਸਿੰਘ ਲੰਗ ਅਤੇ ਕਰਨ ਸਿੰਘ ਸੰਧੂ ਮੈਂਬਰ ਹੋਣਗੇ।

ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਸਰਾਂ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਅਧਿਕਾਰੀ ਗੁਰਬੰਸ ਸਿੰਘ ਬੈਂਸ ਐਸਆਈਟੀ ਦੀ ਅਗਵਾਈ ਕਰਨਗੇ, ਜਦਕਿ ਸਿਮਰਨਜੀਤ ਸਿੰਘ ਲੰਗ ਅਤੇ ਕਰਨ ਸਿੰਘ ਸੰਧੂ ਮੈਂਬਰ ਹੋਣਗੇ। ਪੰਨੂ ਨੇ ਕਿਹਾ ਕਿ ਐਸਆਈਟੀ ਮਹਿਲਾ ਦੇ ਬਹਿਰੀਨ ਤੋਂ ਆਉਣ, ਸਰਾਂ ’ਚ ਠਹਿਰਨ, ਉਸ ਨੂੰ ਦਿੱਤੀਆਂ ਸਹੂਲਤਾਂ ਅਤੇ ਇਲਾਜ ਲਈ ਇਕ ਲੱਖ ਰੁਪਏ ਦੀ ਮਦਦ ਸਮੇਤ ਪੂਰੇ ਘਟਨਾਕ੍ਰਮ ਦੀ ਜਾਂਚ ਕਰੇਗੀ।
ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਕਿਹਾ ਕਿ ਜਾਂਚ ’ਚ ਇਹ ਵੀ ਪਤਾ ਲੱਗੇਗਾ ਕਿ ਮਹਿਲਾ ਦੇ ਸ੍ਰੀ ਅਨੰਦਪੁਰ ਸਾਹਿਬ ਦੀ ਐਸਜੀਪੀਸੀ ਸਰਾਂ ’ਚ ਰਹਿਣ ਦਾ ਪ੍ਰਬੰਧ ਕਿਸ ਨੇ ਕੀਤਾ ਅਤੇ ਉਸ ਨੂੰ ਮਹੀਨਿਆਂ ਤੱਕ ਉੱਥੇ ਰਹਿਣ ਦੀ ਇਜਾਜ਼ਤ ਕਿਵੇਂ ਮਿਲੀ। ਉਨ੍ਹਾਂ ਸਵਾਲ ਕੀਤਾ ਕਿ ਜੇ ਰਜਿਸਟਰ ’ਤੇ ਕਮਰੇ ਸਾਹਮਣੇ ‘ਅਮਰਜੀਤ ਸਿੰਘ ਚਾਵਲਾ ਦੁਆਰਾ ਸਿਫਾਰਸ਼ੀ’ ਅਤੇ ‘ਫ੍ਰੀ’ ਦਰਜ ਹੈ ਤਾਂ ਕਮਰੇ ਲਈ ਇਕ ਹਜ਼ਾਰ ਰੁਪਏ ਦੇ ਭੁਗਤਾਨ ਦਾ ਦਾਅਵਾ ਕਿਵੇਂ ਕੀਤਾ ਗਿਆ।
ਪੰਨੂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਮਹਿਲਾ ਨੂੰ ਇਕ ਲੱਖ ਰੁਪਏ ਦਿੱਤੇ ਜਾਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ ’ਚ ਧਰਮ ਅਰਥ ਕਮੇਟੀ ਵੱਲੋਂ ਰਕਮ ਦਿੱਤੇ ਜਾਣ ਦੀ ਗੱਲ ਕਹੀ। ਉਨ੍ਹਾਂ ਸਵਾਲ ਕੀਤਾ ਕਿ ਧਾਮੀ ਦੇ ਕਾਰਜਕਾਲ ਦੌਰਾਨ ਕਿੰਨੇ ਮਾਨਸਿਕ ਰੋਗੀਆਂ ਨੂੰ ਇਲਾਜ ਲਈ ਇਕ-ਇਕ ਲੱਖ ਰੁਪਏ ਦਿੱਤੇ ਗਏ ਅਤੇ ਇਹ ਭੁਗਤਾਨ ਕਿਸ ਦੀਆਂ ਸਿਫ਼ਾਰਸ਼ਾਂ ’ਤੇ ਹੋਏ।
ਉਨ੍ਹਾਂ ਇਕ ਲੱਖ ਰੁਪਏ ਦੇ ਚੈੱਕ ਦੇ ਅੰਮ੍ਰਿਤਸਰ ’ਚ ਭੁਗਤਾਏ ਜਾਣ ’ਤੇ ਵੀ ਸਵਾਲ ਕੀਤਾ। ਪੰਨੂ ਨੇ ਪੁੱਛਿਆ ਕਿ ਜੇ ਮਹਿਲਾ ਦਾ ਇਲਾਜ ਸ੍ਰੀ ਅਨੰਦਪੁਰ ਸਾਹਿਬ ’ਚ ਹੋਣਾ ਸੀ ਤਾਂ ਚੈੱਕ ਅੰਮ੍ਰਿਤਸਰ ’ਚ ਕਿਉਂ ਕੈਸ਼ ਕਰਵਾਇਆ ਗਿਆ ਅਤੇ ਇਲਾਜ ਕਿਸ ਡਾਕਟਰ ਦੀ ਸਿਫ਼ਾਰਸ਼ ’ਤੇ ਕੀਤਾ ਜਾ ਰਿਹਾ ਸੀ। ਉਨ੍ਹਾਂ ਰਜਿਸਟਰ ’ਚ ਕਥਿਤ ਛੇੜਛਾੜ ਦਾ ਪਤਾ ਲੱਗਣ ਦੇ ਸਮੇਂ ’ਤੇ ਵੀ ਸਵਾਲ ਚੁੱਕੇ।
ਪੰਨੂ ਨੇ ਐਸਜੀਪੀਸੀ ਵੱਲੋਂ ਡਰਾਈਵਰ ਮੋਹਨ ਸਿੰਘ ਨੂੰ ਮੁਅੱਤਲ ਕਰਨ ’ਤੇ ਵੀ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਜੇ ਮਹਿਲਾ ਨੂੰ ਕੋਈ ਗੱਡੀ ਨਹੀਂ ਦਿੱਤੀ ਗਈ ਸੀ ਤਾਂ ਡਰਾਈਵਰ ਨੂੰ ਮੁਅੱਤਲ ਕਰਨ ਦਾ ਕਾਰਨ ਕੀ ਸੀ ਅਤੇ ਉਹ ਕਿਸ ਦੀ ਗੱਡੀ ਚਲਾ ਰਿਹਾ ਸੀ। ਉਨ੍ਹਾਂ ਅਮਰਜੀਤ ਸਿੰਘ ਚਾਵਲਾ ਦੇ ਕਥਿਤ ਬਿਆਨ ਦਾ ਹਵਾਲਾ ਦਿੰਦਿਆਂ ਵਿਰਸਾ ਸਿੰਘ ਵਲਟੋਹਾ ਦੀ ਭੂਮਿਕਾ ਬਾਰੇ ਵੀ ਸਵਾਲ ਉਠਾਏ।
ਪੰਨੂ ਨੇ ਕਿਹਾ ਕਿ ਐਸਜੀਪੀਸੀ ਇਕ ਸਤਿਕਾਰਯੋਗ ਸੰਸਥਾ ਹੈ ਪਰ ਇਸ ਦੇ ਪ੍ਰਬੰਧਨ ਬਾਰੇ ਉੱਠੇ ਸਵਾਲਾਂ ਦੇ ਜਵਾਬ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਦਾ ਜਵਾਬ ਜਾਂਚ ਰਾਹੀਂ ਸਾਹਮਣੇ ਆਉਣਾ ਚਾਹੀਦਾ ਹੈ।
328 ਸਰੂਪਾਂ ਦੇ ਮਾਮਲੇ ਦਾ ਦਿੱਤਾ ਹਵਾਲਾ
ਪੰਨੂ ਨੇ 328 ਸਰੂਪਾਂ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਐਸਜੀਪੀਸੀ ਪ੍ਰਧਾਨ ਵੱਲੋਂ ਸੀਬੀਆਈ ਜਾਂਚ ਦੀ ਮੰਗ ’ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਐਸਜੀਪੀਸੀ ਨੇ ਸੀਬੀਆਈ ਜਾਂਚ ਦਾ ਵਿਰੋਧ ਕਰਦਿਆਂ ਆਪਣੀ ਜਾਂਚ ਕਰਨ ਦੀ ਗੱਲ ਕਹੀ ਸੀ। ਹੁਣ ਸੀਬੀਆਈ ਜਾਂਚ ਦੀ ਮੰਗ ਕਿਸ ਆਧਾਰ ’ਤੇ ਕੀਤੀ ਜਾ ਰਹੀ ਹੈ, ਇਸ ਦਾ ਜਵਾਬ ਵੀ ਦੇਣਾ ਚਾਹੀਦਾ ਹੈ।
ਪੰਨੂ ਨੇ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜ ਘੰਟੇ ਦੀ ਪ੍ਰੈੱਸ ਕਾਨਫਰੰਸ ਕਰਨ ਦੇ ਐਲਾਨ ’ਤੇ ਕਿਹਾ ਕਿ ਜਿਹੜੇ ਲੋਕ ਸਵਾਲ ਪੁੱਛ ਰਹੇ ਹਨ, ਉਨ੍ਹਾਂ ਨੂੰ ਵੀ ਸਵਾਲ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਇਨ੍ਹਾਂ ਮਾਮਲਿਆਂ ’ਤੇ ਸਪੱਸ਼ਟੀਕਰਨ ਮੰਗ ਰਹੀ ਹੈ ਅਤੇ ਸਵਾਲਾਂ ਦੇ ਜਵਾਬ ਦਿੱਤੇ ਜਾਣੇ ਚਾਹੀਦੇ ਹਨ।