- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਕੀਨ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼, ਨਾਈਜੀਰੀਆਈ ਨਾਗਰਿਕ ਸਮੇਤ ਤਿੰਨ ਗ੍ਰਿਫ਼ਤਾਰ

-ਲਗਜ਼ਰੀ ਕਾਰਾਂ ਅਤੇ ਨਾਈਜੀਰੀਆਈ ਨਾਗਰਿਕ ਸਮੇਤ ਤਿੰਨ ਗ੍ਰਿਫ਼ਤਾਰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਆਪ੍ਰੇਸ਼ਨ ਸੈੱਲ ਨੇ ਟ੍ਰਾਈਸਿਟੀ ਵਿੱਚ ਕੋਕੀਨ ਦੀ ਸਪਲਾਈ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚ ਦੋ ਸਥਾਨਕ ਨਸ਼ਾ ਤਸਕਰਾਂ ਤੋਂ ਇਲਾਵਾ ਇੱਕ ਨਾਈਜੀਰੀਆਈ ਨਾਗਰਿਕ ਵੀ ਸ਼ਾਮਲ ਹੈ, ਜੋ ਕਥਿਤ ਤੌਰ ’ਤੇ ਇਸ ਨੈੱਟਵਰਕ ਨੂੰ ਕੋਕੀਨ ਸਪਲਾਈ ਕਰਦਾ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਕੁੱਲ 113.96 ਗ੍ਰਾਮ ਕੋਕੀਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਨਸ਼ੇ ਦੀ ਕਮਾਈ ਨਾਲ ਖ਼ਰੀਦੀਆਂ ਗਈਆਂ ਤਿੰਨ ਲਗਜ਼ਰੀ ਕਾਰਾਂ ਅਤੇ ਮਿਊਲ ਅਕਾਊਂਟ ਨਾਲ ਜੁੜਿਆ ਇੱਕ ਐੱਸਬੀਆਈ ਦਾ ਏਟੀਐੱਮ ਕਾਰਡ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਨੈੱਟਵਰਕ ਚੰਡੀਗੜ੍ਹ ਅਤੇ ਟ੍ਰਾਈਸਿਟੀ ’ਚ ਕਲੱਬਾਂ ਤੇ ਪਾਰਟੀਆਂ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਕੋਕੀਨ ਸਪਲਾਈ ਕਰਦਾ ਸੀ। ਹੁਣ ਪੁਲਿਸ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ, ਨਸ਼ੇ ਦੀ ਸਪਲਾਈ ਦੇ ਸਰੋਤ ਅਤੇ ਨਸ਼ਾ ਵੇਚ ਕੇ ਕਮਾਈ ਗਈ ਰਕਮ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ।
4 ਅਕਤੂਬਰ ਨੂੰ ਆਪ੍ਰੇਸ਼ਨ ਸੈੱਲ ਨੇ ਸੈਕਟਰ-23ਸੀ ਦੀ ਮਾਰਕੀਟ ਨੇੜੇ ਰਾਕੇਸ਼ ਕੁਮਾਰ ਉਰਫ਼ ਕਰਨ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 22.10 ਗ੍ਰਾਮ ਕੋਕੀਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਰਾਕੇਸ਼ ਨੇ ਕਥਿਤ ਤੌਰ ’ਤੇ ਮੁੱਖ ਸਪਲਾਇਰ ਜਸਕਰਨ ਸਿੰਘ ਗਿੱਲ ਬਾਰੇ ਜਾਣਕਾਰੀ ਦਿੱਤੀ। ਰਾਕੇਸ਼ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਜਸਕਰਨ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਉਸ ਦਾ ਪਿੱਛਾ ਕਰਦਿਆਂ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਗਈ।
ਨਾਈਜੀਰੀਆਈ ਨਾਗਰਿਕ ਤੋਂ ਖ਼ਰੀਦਦਾ ਸੀ ਕੋਕੀਨ
ਪੁਲਿਸ ਪੁੱਛਗਿੱਛ ਦੌਰਾਨ ਜਸਕਰਨ ਨੇ ਕਥਿਤ ਤੌਰ ’ਤੇ ਖ਼ੁਲਾਸਾ ਕੀਤਾ ਕਿ ਉਹ ਨਾਈਜੀਰੀਆਈ ਨਾਗਰਿਕ ਏਜੇਪੁਟਾ ਚਾਰਲਸ ਚਿਜਿਲੋਕ ਤੋਂ ਕੋਕੀਨ ਖ਼ਰੀਦਦਾ ਸੀ। ਇਸ ਤੋਂ ਬਾਅਦ ਪੁਲਿਸ ਨੇ 6 ਅਕਤੂਬਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 40 ਸਾਲਾ ਚਿਜਿਲੋਕ ਸਾਲ 2019 ਵਿੱਚ ਮੁੰਬਈ ਰਾਹੀਂ ਭਾਰਤ ਆਇਆ ਸੀ। ਇਸ ਤੋਂ ਬਾਅਦ ਉਹ ਗੁਰੂਗ੍ਰਾਮ ਵਿੱਚ ਰਿਹਾ ਅਤੇ ਸਾਲ 2025 ਵਿੱਚ ਖਰੜ ਆ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਕਥਿਤ ਤੌਰ ’ਤੇ ਕਮਿਸ਼ਨ ਦੇ ਆਧਾਰ ’ਤੇ ਕੋਕੀਨ ਦੀ ਡਿਲੀਵਰੀ ਕਰਦਾ ਸੀ। ਜਸਕਰਨ ਸਿੰਘ ਗਿੱਲ ਉਸ ਦਾ ਮੁੱਖ ਗਾਹਕ ਸੀ। ਮੁਲਜ਼ਮ ਨੇ ਆਪਣਾ ਪਾਸਪੋਰਟ ਪੇਸ਼ ਨਹੀਂ ਕੀਤਾ ਹੈ। ਪੁਲਿਸ ਵੱਲੋਂ ਭਾਰਤ ਵਿੱਚ ਉਸ ਦੇ ਰਹਿਣ ਦੀ ਕਾਨੂੰਨੀ ਮਿਆਦ ਅਤੇ ਹੋਰ ਸਬੰਧਤ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਰਾਕੇਸ਼ ਕੁਮਾਰ ਉਰਫ਼ ਕਰਨ ਪਹਿਲਾਂ ਰੈਪਿਡੋ ਰਾਹੀਂ ਕੈਬ ਚਲਾਉਂਦਾ ਸੀ। ਉਹ ਜਸਕਰਨ ਦੇ ਕਹਿਣ ’ਤੇ ਚੰਡੀਗੜ੍ਹ ਅਤੇ ਟ੍ਰਾਈਸਿਟੀ ਦੇ ਕਲੱਬਾਂ ਤੇ ਪਾਰਟੀਆਂ ਵਿੱਚ ਜਾਣ ਵਾਲੇ ਨੌਜਵਾਨਾਂ ਤੱਕ ਕੋਕੀਨ ਪਹੁੰਚਾਉਂਦਾ ਸੀ। ਹਰ ਡਿਲੀਵਰੀ ਦੇ ਬਦਲੇ ਉਸ ਨੂੰ 500 ਰੁਪਏ ਦਿੱਤੇ ਜਾਂਦੇ ਸਨ। ਭੁਗਤਾਨ ਲਈ ਕਿਊਆਰ ਕੋਡ ਅਤੇ ਨਕਦੀ ਦੀ ਵਰਤੋਂ ਕੀਤੀ ਜਾਂਦੀ ਸੀ।
ਜਸਕਰਨ ਕਥਿਤ ਤੌਰ ’ਤੇ ਖਰੜ ਵਿੱਚ ਨਾਈਜੀਰੀਆਈ ਨਾਗਰਿਕ ਤੋਂ ਕੋਕੀਨ ਖ਼ਰੀਦ ਕੇ ਰਾਕੇਸ਼ ਰਾਹੀਂ ਗਾਹਕਾਂ ਤੱਕ ਪਹੁੰਚਾਉਂਦਾ ਸੀ। ਉਹ ਕਾਰਾਂ ਦੀ ਖ਼ਰੀਦ-ਵੇਚ ਦੇ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਸੀ ਅਤੇ ਪੁਲਿਸ ਦੇ ਦਾਅਵੇ ਅਨੁਸਾਰ ਨਸ਼ੇ ਦੇ ਕਾਰੋਬਾਰ ਤੋਂ ਕਮਾਏ ਪੈਸਿਆਂ ਦੀ ਵਰਤੋਂ ਵਾਹਨ ਖ਼ਰੀਦਣ ਲਈ ਕਰਦਾ ਸੀ। ਪੁਲਿਸ ਨੇ ਜਸਕਰਨ ਦੀ ਨਿਸ਼ਾਨਦੇਹੀ ’ਤੇ ਇੱਕ ਮਰਸਿਡੀਜ਼, ਇੱਕ ਪਜੈਰੋ ਅਤੇ ਇੱਕ ਟਾਟਾ ਸਫਾਰੀ ਜ਼ਬਤ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਵਾਹਨ ਨਸ਼ੇ ਦੀ ਕਮਾਈ ਨਾਲ ਖ਼ਰੀਦੇ ਗਏ ਸਨ।
ਇਸ ਤੋਂ ਇਲਾਵਾ ਮਿਊਲ ਅਕਾਊਂਟ ਨਾਲ ਜੁੜਿਆ ਐੱਸਬੀਆਈ ਦਾ ਇੱਕ ਏਟੀਐੱਮ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਕਾਰਡ ਦੀ ਵਰਤੋਂ ਕਥਿਤ ਤੌਰ ’ਤੇ ਨਸ਼ੇ ਦੀ ਸਪਲਾਈ ਨਾਲ ਜੁੜੇ ਭੁਗਤਾਨ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਸੀ। ਜਸਕਰਨ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਐੱਨਡੀਪੀਐੱਸ ਐਕਟ ਤਹਿਤ ਪਹਿਲਾਂ ਵੀ ਇੱਕ ਮਾਮਲਾ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।