ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਰਵਾਨਾ,
Publish Date: Sat, 10 Oct 2026 07:20 PM (IST)
Updated Date: Sat, 10 Oct 2026 07:23 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਪਿੰਡ ਫਤਿਹਪੁਰ ਜੱਟਾਂ, ਈਸਾਪੁਰ ਅਤੇ ਤੋਫ਼ਾਪੁਰ ਤੋਂ ਤਿੰਨ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤੀਆਂ ਗਈਆਂ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ ਦਾ ਉਦੇਸ਼ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸਹੂਲਤ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਸ਼ਰਧਾ ਅਤੇ ਵਿਸ਼ਵਾਸ ਨਾਲ ਆਪਣੀ ਯਾਤਰਾ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋਕਾਂ ਨੂੰ ਆਪਣੇ ਧਾਰਮਿਕ ਅਤੇ ਅਧਿਆਤਮਿਕ ਵਿਰਸੇ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖ ਧਰਮ ਦੇ ਪ੍ਰਮੁੱਖ ਧਾਰਮਿਕ ਕੇਂਦਰਾਂ ਵਿਚੋਂ ਇਕ ਹੈ, ਜਿੱਥੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਧਾਰਮਿਕ ਅਸਥਾਨ ਸਥਿਤ ਹਨ। ਇੱਥੇ ਦੇਸ਼-ਵਿਦੇਸ਼ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸ ਯਾਤਰਾ ਰਾਹੀਂ ਸ਼ਰਧਾਲੂਆਂ ਨੂੰ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਤੀਰਥ ਸਥਲ ਰਾਮਤੀਰਥ ਵੀ ਲੱਖਾਂ ਲੋਕਾਂ ਦੀਆਂ ਆਸਥਾ ਦੇ ਕੇਂਦਰ ਹਨ। ਇਤਿਹਾਸਕ ਜਲ੍ਹਿਆਂ ਵਾਲਾ ਬਾਗ਼ ਅਤੇ ਵਾਹਗਾ ਬਾਰਡਰ ਦੀ ਰਿਟਰੀਟ ਸੈਰੇਮਨੀ, ਇਹ ਸਭ ਕੁੱਝ ਵੀ ਇਸੇ ਯਾਤਰਾ ਤਹਿਤ ਦਿਖਾਏ ਜਾਣਗੇ। ਬੱਸਾਂ ਦੀ ਰਵਾਨਗੀ ਮੌਕੇ ਸ਼ਰਧਾਲੂਆਂ ਵਿਚ ਕਾਫ਼ੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਇਸ ਮੌਕੇ ਵੱਖ-ਵੱਖ ਆਗੂ, ਸਰਪੰਚ, ਪੰਚ ਅਤੇ ਮੈਂਬਰ ਵੀ ਹਾਜ਼ਰ ਸਨ।