ਅਕਾਲੀ-ਭਾਜਪਾ ਗਠਜੋੜ ਸਾਹਮਣੇ ਖੜ੍ਹੀ ਹੋਈ ਤੀਜੇ ਮੋਰਚੇ ਦੀ ਵੱਡੀ ਚੁਣੌਤੀ, ਕਿਸਾਨ ਜਥੇਬੰਦੀਆਂ ਤੇ ਪੰਥਕ ਧੜਿਆਂ ਨੇ ਬਣਾਇਆ 'ਸੰਯੁਕਤ ਪੰਜਾਬ ਮੋਰਚਾ' ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਗਠਜੋੜ ਵਿਚਕਾਰ ਇੱਕ ਤੀਜਾ ਸਿਆਸੀ ਬਦਲ ਵੀ ਆਕਾਰ ਲੈਣ ਲੱਗਾ ਹੈ। ਅਕਾਲੀ ਦਲ (ਪੁਨਰ ਸੁਰਜੀਤ), ਕਈ ਕਿਸਾਨ ਜਥੇਬੰਦੀਆਂ, ਪੰਥਕ ਸੰਸਥਾਵਾਂ, ਮਜ਼ਦੂਰ ਜਥੇਬੰਦੀਆਂ ਅਤੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਨੇ ਮਿਲ ਕੇ 'ਸੰਯੁਕਤ ਪੰਜਾਬ ਮੋਰਚਾ' ਬਣਾਇਆ ਹੈ। ਇਸ ਮੋਰਚੇ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਅਤੇ ਸੂਬੇ ਦੇ ਮੁੱਦਿਆਂ ’ਤੇ ਸਾਂਝਾ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ।
Publish Date: Tue, 24 Nov 2026 11:48 AM (IST)
Updated Date: Tue, 24 Nov 2026 11:58 AM (IST)
SAD-BJP alliance confirmed : ਰੋਹਿਤ ਕੁਮਾਰ, ਚੰਡੀਗੜ੍ਹ - ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗਠਜੋੜ ਵਿਚਕਾਰ ਇੱਕ ਤੀਜਾ ਸਿਆਸੀ ਬਦਲ ਵੀ ਆਕਾਰ ਲੈਣ ਲੱਗਾ ਹੈ। ਅਕਾਲੀ ਦਲ (ਪੁਨਰ ਸੁਰਜੀਤ), ਕਈ ਕਿਸਾਨ ਜਥੇਬੰਦੀਆਂ, ਪੰਥਕ ਸੰਸਥਾਵਾਂ, ਮਜ਼ਦੂਰ ਜਥੇਬੰਦੀਆਂ ਅਤੇ ਸਾਬਕਾ ਸੈਨਿਕਾਂ ਦੀਆਂ ਜਥੇਬੰਦੀਆਂ ਨੇ ਮਿਲ ਕੇ 'ਸੰਯੁਕਤ ਪੰਜਾਬ ਮੋਰਚਾ' ਬਣਾਇਆ ਹੈ। ਇਸ ਮੋਰਚੇ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਅਤੇ ਸੂਬੇ ਦੇ ਮੁੱਦਿਆਂ ’ਤੇ ਸਾਂਝਾ ਅੰਦੋਲਨ ਚਲਾਉਣ ਦਾ ਐਲਾਨ ਕੀਤਾ ਹੈ।
ਇਸ ਸਿਆਸੀ ਪਹਿਲ ਨੂੰ ਅਕਾਲੀ-ਭਾਜਪਾ ਗਠਜੋੜ ਦੇ ਸੰਦਰਭ ’ਚ ਅਹਿਮ ਮੰਨਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਇਸ ਲਈ ਕਿਉਂਕਿ ਅਕਾਲੀ ਦਲ (ਪੁਨਰ ਸੁਰਜੀਤ) ਨੇ ਭਾਜਪਾ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ’ਚ ਇਹ ਧੜਾ ਹੁਣ ਵੱਖਰੇ ਸਿਆਸੀ ਮੰਚ ਰਾਹੀਂ ਆਪਣੀ ਥਾਂ ਬਣਾਉਣ ਦੀ ਤਿਆਰੀ ’ਚ ਹੈ।
ਮੋਰਚੇ ’ਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪੰਥਕ ਸੰਸਥਾਵਾਂ, ਮਜ਼ਦੂਰਾਂ, ਸਾਬਕਾ ਸੈਨਿਕਾਂ ਅਤੇ ਪੈਨਸ਼ਨਰਾਂ ਨਾਲ ਜੁੜੀਆਂ ਜਥੇਬੰਦੀਆਂ ਦੀ ਸ਼ਮੂਲੀਅਤ ਹੈ। ਇਸ ਲਈ ਨੌਂ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜੋ ਪੰਜਾਬ ’ਚ ਹੋਰ ਕਿਸਾਨ ਜਥੇਬੰਦੀਆਂ, ਪੰਥਕ ਸਮੂਹਾਂ ਅਤੇ ਸਮਾਜਿਕ ਸੰਗਠਨਾਂ ਨਾਲ ਸੰਪਰਕ ਕਰੇਗੀ।
ਇਸ ਮੋਰਚੇ ਦੀ ਚੁਣੌਤੀ ਸਿਰਫ਼ ਚੋਣਾਂ ਲੜਨ ਤੱਕ ਸੀਮਤ ਨਹੀਂ ਹੋਵੇਗੀ। ਇਸ ਨੂੰ ਵੱਖ-ਵੱਖ ਜਥੇਬੰਦੀਆਂ ਦੀਆਂ ਮੰਗਾਂ ਨੂੰ ਇੱਕ ਸਾਂਝੇ ਸਿਆਸੀ ਏਜੰਡੇ ’ਚ ਬਦਲਣਾ ਪਵੇਗਾ। ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ’ਚ ਕਿਸਾਨ ਜਥੇਬੰਦੀਆਂ ਦੀ ਸਿਆਸੀ ਭੂਮਿਕਾ ਅਤੇ ਪੰਥਕ ਮੁੱਦਿਆਂ ਦੀ ਅਹਿਮੀਅਤ ਨੂੰ ਦੇਖਦਿਆਂ ਇਹ ਮੰਚ ਅਕਾਲੀ ਦਲ ਦੇ ਰਵਾਇਤੀ ਪ੍ਰਭਾਵ ਵਾਲੇ ਇਲਾਕਿਆਂ ’ਚ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਜੇਕਰ ਅਕਾਲੀ-ਭਾਜਪਾ ਗਠਜੋੜ ਚੋਣ ਮੈਦਾਨ ’ਚ ਉਤਰਦਾ ਹੈ ਤਾਂ ਉਸ ਦੇ ਸਾਹਮਣੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਇਲਾਵਾ ਇਸ ਨਵੇਂ ਮੋਰਚੇ ਦੀ ਚੁਣੌਤੀ ਵੀ ਹੋਵੇਗੀ। ਇਸ ਨਾਲ ਪੰਜਾਬ ਦਾ ਚੋਣ ਮੁਕਾਬਲਾ ਹੋਰ ਬਹੁਕੋਣਾ ਹੋ ਸਕਦਾ ਹੈ।