ਮੁੱਲਾਂਪੁਰ ਦੇ ਸਰਕਾਰੀ ਸਕੂਲ ’ਚ ਚੋਰਾਂ ਦਾ ਆਤੰਕ, ਸੀਸੀਟੀਵੀ ਤੋੜ ਕੇ ਕੀਤੀ ਚੋਰੀ ਮੁੱਲਾਂਪੁਰ ਦੇ ਸਰਕਾਰੀ ਸਕੂਲ 'ਚ ਚੋਰਾਂ ਦਾ ਆਤੰਕ,
Publish Date: Fri, 30 Oct 2026 05:53 PM (IST)
Updated Date: Fri, 30 Oct 2026 05:55 PM (IST)
ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਮੁੱਲਾਂਪੁਰ ਗਰੀਬਦਾਸ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੰ.-2 ਵਿਚ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ। ਪਿਛਲੇ ਇਕ ਮਹੀਨੇ ਦੇ ਅੰਦਰ ਸਕੂਲ ’ਚ ਦੋ ਵਾਰ ਚੋਰੀ ਦੀ ਵੱਡੀ ਵਾਰਦਾਤ ਹੋ ਚੁੱਕੀ ਹੈ, ਜਿਸ ਕਾਰਨ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੋਰਾਂ ਵੱਲੋਂ ਸਕੂਲ ਵਿਚੋਂ ਬੱਚਿਆਂ ਦੇ ਮਿਡ-ਡੇ ਮੀਲ ਲਈ ਰੱਖੇ ਹੋਏ ਰਸੋਈ ਗੈਸ ਸਿਲੰਡਰ, ਸਰਕਾਰ ਵੱਲੋਂ ਆਈ ਕਣਕ, ਪਾਣੀ ਦੀਆਂ ਟੂਟੀਆਂ ਅਤੇ ਬਿਜਲੀ ਦੀਆਂ ਤਾਰਾਂ ਤੱਕ ਉਖਾੜ ਕੇ ਚੋਰੀ ਕਰ ਲਈਆਂ ਗਈਆਂ ਹਨ। ਆਪਣੀ ਪਛਾਣ ਛੁਪਾਉਣ ਲਈ ਚੋਰਾਂ ਨੇ ਸਕੂਲ ’ਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ, ਜਿਸ ਨਾਲ ਸਕੂਲ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਸਹੋਤਰਾ ਨੇ ਦੱਸਿਆ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸਕੂਲ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਬੱਚਿਆਂ ਦਾ ਮਿਡ-ਡੇ ਮੀਲ ਬਣਾਉਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਹਾਲੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਹੋਈ। ਕਾਰਵਾਈ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜ ਸੇਵੀ ਅਰਵਿੰਦ ਪੁਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਬਹੁਤ ਹੀ ਮੰਦਭਾਗੀਆਂ ਹਨ। ਇਸ ਨਾਲ ਬੱਚਿਆਂ ਦੇ ਭਵਿੱਖ ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਾਏ ਪੋਸਟ ਰਾਹੀਂ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਮਸਲੇ ਤੇ ਜਲਦ ਤੋਂ ਜਲਦ ਠੋਸ ਕਦਮ ਚੁੱਕੇ, ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਸਕੂਲਾਂ ’ਚ ਅਜਿਹੀਆਂ ਘਟਨਾਵਾਂ ਨਾ ਵਾਪਰਨ।