ਦਿਨ-ਦਿਹਾੜੇ ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਤਾਲੇ ਕੱਟ ਕੇ ਸਾਮਾਨ ਚੋਰੀ ਦਿਨ-ਦਿਹਾੜੇ ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਤਾਲੇ ਕੱਟਕੇ ਸਾਮਾਨ ਕੀਤਾ ਚੋਰੀ
Publish Date: Fri, 02 Oct 2026 08:38 PM (IST)
Updated Date: Fri, 02 Oct 2026 08:40 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਤੋਂ ਜਿੱਥੇ ਸ਼ਹਿਰ ਵਾਸੀ ਦੁਖੀ ਹਨ, ਉਥੇ ਹੀ ਪਿੰਡਾਂ ਵਿਚ ਵੀ ਚੋਰਾਂ ਵੱਲੋਂ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਚੋਰੀ ਦੀ ਤਾਜ਼ਾ ਘਟਨਾ ਪਿੰਡ ਖਾਨਪੁਰ ਵਿਚ ਉਸ ਸਮੇਂ ਸਾਹਮਣੇ ਆਈ, ਜਦੋਂ ਦੁਪਹਿਰ ਸਮੇਂ ਇਕ ਬਜ਼ੁਰਗ ਔਰਤ ਦੇ ਘਰ ’ਚੋਂ ਚੋਰਾਂ ਵੱਲੋਂ ਤਾਲੇ ਕੱਟ ਕੇ ਚੋਰੀ ਕਰਨ ਬਾਰੇ ਸੂਚਨਾ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਜਸਵੰਤ ਕੌਰ ਨੇ ਦੱਸਿਆ ਕਿ ਉਹ ਇਕ ਨਿੱਜੀ ਸਕੂਲ ਵਿਚ ਨੌਕਰੀ ਕਰਦੀ ਹੈ ਅਤੇ ਬੀਤੇ ਦਿਨ ਉਹ ਸਕੂਲ ਤੋਂ ਛੁੱਟੀ ਕਰ ਜਦੋਂ ਦੁਪਹਿਰ ਸਮੇਂ ਘਰ ਆਈ ਤਾਂ ਉਹ ਆਪਣੇ ਨਾਲ ਦੇ ਘਰ ਵਿਚ ਚੱਲੀ ਗਈ ਪਰ ਕੁਝ ਦੇਰ ਬਾਅਦ ਬਾਹਰ ਰੌਲਾ ਪੈ ਗਿਆ, ਜਿਸ ਤੋਂ ਬਾਅਦ ਉਸਨੇ ਬਾਹਰ ਆ ਕੇ ਵੇਖਿਆ ਤਾਂ ਦੋ ਨੌਜਵਾਨ ਇਕ ਮੋਟਰਸਾਈਕਲ ’ਤੇ ਭੱਜ ਚੁੱਕੇ ਸਨ। ਜਿਸ ’ਤੇ ਲੋਕਾਂ ਵੱਲੋਂ ਉਸ ਨੂੰ ਦੱਸਿਆ ਗਿਆ ਕਿ ਉਸਦੇ ਘਰ ਵਿਚੋਂ ਸਾਮਾਨ ਚੋਰੀ ਕਰਕੇ ਲੈ ਕੇ ਗਏ ਹਨ। ਜਦੋਂ ਉਸਨੇ ਆਪਣੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਚੋਰਾਂ ਵੱਲੋਂ ਉਸਦੀ ਪੇਟੀ ਤੇ ਟਰੰਕ ਦੇ ਤਾਲੇ ਕੱਟੇ ਹੋਏ ਸਨ ਅਤੇ ਉਨ੍ਹਾਂ ਵਿਚ ਪਿਆ ਸਾਰਾ ਸਾਮਾਨ ਬਾਹਰ ਬੈੱਡ ’ਤੇ ਖਿਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਸਨੇ ਰਸੋਈ ਵਿਚ ਵੇਖਿਆ ਤਾਂ ਉਥੋਂ ਚੋਰ ਗੈਸ ਸਿਲੰਡਰ ਵੀ ਚੋਰੀ ਕਰਕੇ ਲੈ ਗਏ ਸਨ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਵਿਚ ਲੱਗੇ ਵੱਖ-ਵੱਖ ਸੀਸੀਟੀਵੀ ਕੈਮਰਿਆਂ ਵਿਚ ਉਕਤ ਚੋਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।