ਪੰਜਾਬ ਯੂਨੀਵਰਸਿਟੀ ਕੈਂਪਸ ’ਚ ਚੋਰਾਂ ਦਾ ਧਾਵਾ, 8 ਲੱਖ ਨਕਦੀ, ਡਾਲਰ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ
ਚੋਰਾਂ ਨੇ ਘਰ ਦਾ ਕੋਨਾ-ਕੋਨਾ ਛਾਣ ਮਾਰਿਆ ਤੇ ਨਕਦੀ, ਵਿਦੇਸ਼ੀ ਕਰੰਸੀ ਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
Publish Date: Mon, 05 Oct 2026 02:42 PM (IST)
Updated Date: Mon, 05 Oct 2026 02:43 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ (PU) ਕੈਂਪਸ ’ਚ ਬਣੇ ਇੱਕ ਸਰਕਾਰੀ ਕੁਆਰਟਰ ’ਚ ਚੋਰੀ ਦੀ ਵਾਰਦਾਤ ਹੋਈ। ਘਰ ਦੇ ਮੈਂਬਰ ਬਾਹਰ ਗਏ ਹੋਏ ਸਨ। ਇਸ ਦੌਰਾਨ ਚੋਰਾਂ ਨੇ ਘਰ ਦਾ ਕੋਨਾ-ਕੋਨਾ ਛਾਣ ਮਾਰਿਆ ਤੇ ਨਕਦੀ, ਵਿਦੇਸ਼ੀ ਕਰੰਸੀ ਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ।
ਘਰ ’ਚੋਂ ਕਰੀਬ ਸੱਤ ਤੋਂ ਅੱਠ ਲੱਖ ਰੁਪਏ ਨਕਦ, ਲਗਭਗ 1500 ਕੈਨੇਡੀਅਨ ਡਾਲਰ, 500 ਅਮਰੀਕੀ ਡਾਲਰ, ਕਰੀਬ ਦੋ ਤੋਲੇ ਸੋਨਾ, ਚਾਂਦੀ ਦਾ ਸਾਮਾਨ ਤੇ ਲਗਭਗ 5000 ਰੁਪਏ ਦੀ ਹੋਰ ਭਾਰਤੀ ਕਰੰਸੀ ਚੋਰੀ ਹੋਈ ਹੈ।
ਵਾਰਦਾਤ ਤੋਂ ਬਾਅਦ ਘਰ ਦੇ ਅੰਦਰ ਸਿਗਰਟ ਨਾਲ ਸਬੰਧਤ ਕੁਝ ਸਮਾਨ ਵੀ ਮਿਲਿਆ। ਇਸ ਦੇ ਆਧਾਰ ’ਤੇ ਸ਼ੱਕੀ ਵਿਅਕਤੀ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਹਾਲਾਂਕਿ, ਅਜੇ ਤੱਕ ਪੁਲਿਸ ਵੱਲੋਂ ਸ਼ੱਕੀ ਦੀ ਪਛਾਣ ਜਾਂ ਉਸ ਦੇ ਕਿਸੇ ਖਾਸ ਪ੍ਰੋਫਾਈਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਘਰ ’ਚ ਆਉਣ-ਜਾਣ ਵਾਲੇ ਲੋਕਾਂ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।