ਇਕ ਰਾਤ ’ਚ ਚੋਰਾਂ ਵੱਲੋਂ 3 ਟਿਊਬਵੈੱਲਾਂ ਦੀਆਂ ਤਾਰਾਂ ਚੋਰੀ ਇਕ ਰਾਤ ਵਿਚ ਚੋਰਾਂ ਵੱਲੋਂ ਤਿੰਨ ਟਿਊਬਵੈੱਲਾਂ ਦੀਆਂ ਤਾਰਾਂ ਚੋਰੀ
Publish Date: Sun, 20 Sep 2026 08:09 PM (IST)
Updated Date: Mon, 21 Sep 2026 04:09 AM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਖਰੜ ਸ਼ਹਿਰ ਵਿਚ ਚੋਰਾਂ ਨੇ ਇਕ ਰਾਤ ਵਿਚ ਨਗਰ ਕੌਂਸਲ ਦੇ ਤਿੰਨ ਟਿਊਬਵੈੱਲਾਂ ਦੀਆਂ ਤਾਰਾਂ ਕੱਟਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਖਰੜ ਸ਼ਹਿਰ ਵਿਚ ਹਰ ਰੋਜ਼ ਚੋਰੀਆਂ ਦਾ ਵਾਰਦਾਤਾਂ ਬਾਦਸਤੂਰ ਜਾਰੀ ਹਨ, ਜਿਸ ਦੀ ਤਾਜ਼ਾ ਘਟਨਾ ਬੀਤੀ ਰਾਤ ਉਸ ਸਮੇਂ ਵਾਪਰੀ ਜਦੋਂ ਖੂਨੀਮਾਜਰਾ ਕਾਲਜ ਨੂੰ ਜਾਂਦੀ ਮੇਨ ਸੜਕ ’ਤੇ ਬਣੇ ਨਗਰ ਕੌਂਸਲ ਦੇ ਪਾਣੀ ਦੇ ਟਿਊਬਵੈੱਲ ਦਾ ਤਾਲਾ ਤੋੜ ਕੇ ਚੋਰਾਂ ਵੱਲੋਂ ਟਿਊਬਵੈੱਲ ਦੀ ਮੋਟਰ ਦੀ ਤਾਰ ਕੱਟ ਕੇ ਚੋਰੀ ਕਰ ਲਈ ਗਈ। ਜਿਸਦੀ ਜਾਣਕਾਰੀ ਟਿਊਬਵੈੱਲ ਆਪਰੇਟਰ ਨੂੰ ਸਵੇਰੇ ਤੜਕੇ 4 ਵਜੇ ਲੱਗੀ, ਜਦੋਂ ਉਹ ਟਿਊਬਵੈੱਲ ਚਲਾਉਣ ਲਈ ਆਇਆ ਸੀ। ਇਸੇ ਤਰ੍ਹਾਂ ਦੂਜੀ ਘਟਨਾ ਬੀਤੀ ਰਾਤ ਰਾਮਬਾਗ ਰੋਡ ’ਤੇ ਲੱਗੇ ਨਗਰ ਕੌਂਸਲ ਦੇ ਟਿਊਬਵੈੱਲ ’ਤੇ ਵਾਪਰੀ, ਜਿੱਥੇ ਵੀ ਚੋਰਾਂ ਵੱਲੋਂ ਟਿਊਬਵੈੱਲ ਦੀ ਤਾਰ ਨੂੰ ਕੱਟਕੇ ਚੋਰੀ ਕਰ ਲਿਆ ਅਤੇ ਇਸਦੇ ਨਾਲ ਹੀ ਤੀਜ਼ੀ ਘਟਨਾ ਚੰਡੀਗੜ੍ਹ ਰੋਡ ’ਤੇ ਸਥਿਤ ਜਨਤਾ ਨਗਰ ਵਿਚ ਲੱਗੇ ਨਗਰ ਕੌਂਸਲ ਦੇ ਟਿਊਬਵੈੱਲ ’ਤੇ ਵਾਪਰੀ, ਜਿੱਥੇ ਚੋਰਾਂ ਨੇ ਤਾਲਾ ਤੋੜ ਅੰਦਰੋਂ ਮੋਟਰ ਦੀ ਸਾਰੀ ਤਾਰ ਕੱਟ ਕੇ ਚੋਰੀ ਕਰ ਲਈ। ਇਸ ਚੋਰੀ ਦੀਆਂ ਹੋਈਆਂ ਘਟਨਾਵਾਂ ਸਬੰਧੀ ਜਦੋਂ ਨਗਰ ਕੌਂਸਲ ਦੇ ਜੇਈ ਜੰਗ ਬਹਾਦਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਖੂਨੀਮਾਜਰਾ ਟਿਊਬਵੈੱਲ ਦੇ ਉੱਤੇ ਇਕ ਹਫ਼ਤੇ ਵਿਚ ਇਹ ਦੂਜੀ ਘਟਨਾ ਹੈ, ਜਦੋਂ ਤਾਰ ਚੋਰੀ ਹੋਈ ਹੈ। ਇਸੇ ਪ੍ਰਕਾਰ ਪਿਛਲੇ ਕੁਝ ਦਿਨਾਂ ਵਿਚ ਹੀ ਚੋਰਾਂ ਵੱਲੋਂ ਨਗਰ ਕੌਂਸਲ ਦੇ ਕਈ ਟਿਊਬਵੈੱਲਾਂ ਨੂੰ ਨਿਸ਼ਾਨਾ ਬਣਾਉਂਦਿਆ ਕਈ ਮੋਟਰਾਂ ਦੀਆਂ ਤਾਰਾਂ ਕੱਟ ਕੇ ਚੋਰੀ ਕੀਤੀਆਂ ਹਨ, ਜਿਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਰਹੀ ਹੈ।