ਸੈਦਪੁਰਾ ’ਚ ਚੋਰਾਂ ਦੇ ਹੌਸਲੇ ਬੁਲੰਦ, ਨਵੀਂ ਕਰੇਨ ਦੇ ਚਾਰੇ ਟਾਇਰ ਚੋਰੀ ਸੈਦਪੁਰਾ ’ਚ ਚੋਰਾਂ ਦੇ ਹੌਸਲੇ ਬੁਲੰਦ, ਨਵੀਂ ਕਰੇਨ ਦੇ ਚਾਰੇ ਟਾਇਰ ਚੋਰੀ
Publish Date: Thu, 22 Oct 2026 08:14 PM (IST)
Updated Date: Thu, 22 Oct 2026 08:15 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਇਲਾਕੇ ਵਿਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਵਿਚ ਭਾਰੀ ਸਹਿਮ ਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਛੋਟੇ ਵਾਹਨਾਂ ਦੇ ਨਾਲ-ਨਾਲ ਭਾਰੀ ਮਸ਼ੀਨਰੀ ਨੂੰ ਵੀ ਆਪਣਾ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਡੇਰਾਬੱਸੀ ਦੇ ਨੇੜਲੇ ਪਿੰਡ ਸੈਦਪੁਰਾ ਤੋਂ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਚੋਰਾਂ ਵੱਲੋਂ ਇਕ ਨਵੀਂ ਕਰੇਨ ਦੇ ਚਾਰੇ ਟਾਇਰ ਖੋਲ੍ਹ ਕੇ ਚੋਰੀ ਕਰ ਲਏ ਗਏ ਹਨ। ਪੀੜਤ ਅਨੁਸਾਰ ਚੋਰੀ ਹੋਏ ਇਨ੍ਹਾਂ ਚਾਰੇ ਟਾਇਰਾਂ ਦੀ ਕੁੱਲ ਕੀਮਤ ਕਰੀਬ ਡੇਢ ਲੱਖ ਰੁਪਏ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸੋਹਨ ਲਾਲ ਨੇ ਦੱਸਿਆ ਕਿ ਸੈਦਪੁਰਾ ਵਿਖੇ ਉਨ੍ਹਾਂ ਦੀ ਗੁਰੂ ਕਿਰਪਾ ਨਾਮ ਦੀ ਕੰਪਨੀ ਹੈ। ਉਹ ਮਹਿਜ਼ ਦੋ ਦਿਨ ਪਹਿਲਾਂ ਹੀ ਆਪਣੇ ਕੰਮਕਾਜ ਨੂੰ ਸੁਖਾਲਾ ਬਣਾਉਣ ਲਈ ਨਵੀਂ ਕਰੇਨ ਲੈ ਕੇ ਆਇਆ ਸੀ। ਨਵੀਂ ਮਸ਼ੀਨਰੀ ਆਉਣ ਨਾਲ ਉਨ੍ਹਾਂ ਨੂੰ ਕੰਮ ਵਿਚ ਕਾਫ਼ੀ ਸਹੂਲਤ ਮਿਲਣ ਦੀ ਉਮੀਦ ਸੀ, ਪਰ ਚੋਰਾਂ ਨੇ ਕੁਝ ਹੀ ਘੰਟਿਆਂ ਵਿਚ ਉਨ੍ਹਾਂ ਦੇ ਸੁਪਨਿਆਂ ਨੂੰ ਢਾਹ ਲਾਉਂਦਿਆਂ ਭਾਰੀ ਆਰਥਿਕ ਨੁਕਸਾਨ ਪਹੁੰਚਾ ਦਿੱਤਾ। ਜਦੋਂ ਸੋਹਨ ਲਾਲ ਸਵੇਰੇ ਉੱਠ ਕੇ ਕਰੇਨ ਕੋਲ ਗਿਆ ਤਾਂ ਉਹ ਉੱਥੋਂ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਕਰੇਨ ਦੇ ਚਾਰੇ ਟਾਇਰ ਗਾਇਬ ਸਨ। ਇਸ ਨਾਲ ਜਿੱਥੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਝੱਲਣਾ ਪਿਆ ਹੈ, ਉੱਥੇ ਹੀ ਨਵਾਂ ਕੰਮ ਵੀ ਅਧਵਾਟੇ ਲਟਕ ਗਿਆ ਹੈ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ’ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਪੀੜਤ ਸੋਹਨ ਲਾਲ ਵੱਲੋਂ ਇਸ ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।