ਦੁਕਾਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ
ਦੁਕਾਨ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ,
Publish Date: Sat, 04 Apr 2026 07:35 PM (IST)
Updated Date: Sun, 05 Apr 2026 04:10 AM (IST)

ਕਰੀਬ 6 ਮਹੀਨੇ ਪਹਿਲਾਂ ਵੀ ਬਣਾਇਆ ਸੀ ਦੁਕਾਨ ਨੂੰ ਨਿਸ਼ਾਨਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਐੱਮਐੱਸ ਇਨਕਲੇਵ ਇਲਾਕੇ ’ਚ ਸ਼ਨਿੱਚਰਵਾਰ ਤੜਕੇ ਚੋਰਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਸਵੇਰੇ ਕਰੀਬ 3:30 ਵਜੇ ਬਾਈਕ ਸਵਾਰ 2 ਅਣਪਛਾਤੇ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਲੇ ਤੋੜ ਦਿੱਤੇ ਤੇ ਗੱਲੇ ਤੇ ਮੰਦਰ ’ਚ ਰੱਖੀ ਕੁੱਲ 34 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨ ਮਾਲਕ ਦਾ ਘਰ ਦੁਕਾਨ ਦੇ ਬਿਲਕੁਲ ਸਾਹਮਣੇ ਹੈ ਪਰ ਚੋਰ ਇੰਨੀ ਚਾਲਾਕੀ ਨਾਲ ਆਏ ਕਿ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਬਾਕਸ-- ਰੇਕੀ ਕਰ ਕੇ ਦਿੱਤਾ ਵਾਰਦਾਤ ਨੂੰ ਅੰਜਾਮ : ਦੁਕਾਨ ਮਾਲਕ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਲੱਗਦਾ ਹੈ ਕਿ ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਇਲਾਕੇ ਦੀ ਪੂਰੀ ਰੇਕੀ ਕੀਤੀ ਸੀ। ਸ਼ਨਿੱਚਰਵਾਰ ਤੜਕੇ ਚੋਰ ਬਾਈਕ ’ਤੇ ਸਵਾਰ ਹੋ ਕੇ ਆਏ। ਬੜੀ ਫੁਰਤੀ ਨਾਲ ਦੁਕਾਨ ਦਾ ਤਾਲਾ ਤੋੜਿਆ ਤੇ ਸ਼ਟਰ ਚੁੱਕ ਕੇ ਅੰਦਰ ਦਾਖ਼ਲ ਹੋ ਗਏ। ਚੋਰਾਂ ਨੇ ਦੁਕਾਨ ਦੇ ਅੰਦਰ ਬਣੇ ਮੰਦਰ ’ਚੋਂ 14 ਹਜ਼ਾਰ ਰੁਪਏ ਤੇ ਗੱਲੇ ’ਚੋਂ 20 ਹਜ਼ਾਰ ਰੁਪਏ ਦੀ ਨਕਦੀ ਸਮੇਟ ਲਈ ਤੇ ਕੁੱਝ ਹੀ ਮਿੰਟਾਂ ’ਚ ਰਫੂਚੱਕਰ ਹੋ ਗਏ। ਬਾਕਸ-- ਵਿਦੇਸ਼ ਬੈਠੇ ਭਰਾ ਨੇ ਮੋਬਾਈਲ ’ਤੇ ਦੇਖੀ ਲਾਈਵ ਵਾਰਦਾਤ : ਇਸ ਚੋਰੀ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਅਭਿਸ਼ੇਕ ਦਾ ਛੋਟਾ ਭਰਾ ਅਭਿਨਵ, ਜੋ ਇਸ ਸਮੇਂ ਸ਼ਹਿਰ ਤੋਂ ਬਾਹਰ ਘੁੰਮਣ ਗਿਆ ਹੋਇਆ ਹੈ, ਨੇ ਤੜਕੇ 3:30 ਵਜੇ ਅਚਾਨਕ ਆਪਣੇ ਮੋਬਾਈਲ ’ਤੇ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਲਾਈਵ ਫੁਟੇਜ ਚੈੱਕ ਕੀਤੀ। ਫੁਟੇਜ ਦੇਖ ਕੇ ਉਸ ਦੇ ਹੋਸ਼ ਉੱਡ ਗਏ, ਕਿਉਂਕਿ ਦੁਕਾਨ ਦੇ ਅੰਦਰ ਚੋਰ ਖੜ੍ਹੇ ਸਨ। ਉਸ ਨੇ ਤੁਰੰਤ ਘਰ ਫੋਨ ਕਰ ਕੇ ਪਰਿਵਾਰ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਪਰਿਵਾਰਕ ਮੈਂਬਰ ਦੁਕਾਨ ਵੱਲ ਭੱਜੇ, ਚੋਰ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਬਾਕਸ== ਦੂਜੀ ਵਾਰ ਨਿਸ਼ਾਨਾ ਬਣੀ ਦੁਕਾਨ : ਅਭਿਸ਼ੇਕ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਉਨ੍ਹਾਂ ਦੀ ਦੁਕਾਨ ’ਤੇ ਚੋਰੀ ਹੋਈ ਹੋਵੇ। ਇਸ ਤੋਂ ਪਹਿਲਾਂ ਸਤੰਬਰ 2025 ’ਚ ਵੀ ਚੋਰਾਂ ਨੇ ਇਸੇ ਦੁਕਾਨ ਦੇ ਤਾਲੇ ਤੋੜ ਕੇ 22 ਹਜ਼ਾਰ ਰੁਪਏ ਚੋਰੀ ਕੀਤੇ ਸਨ। ਇਲਾਕਾ ਨਿਵਾਸੀਆਂ ਤੇ ਦੁਕਾਨਦਾਰਾਂ ’ਚ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ’ਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਗਸ਼ਤ ਨਾਮਾਤਰ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।