- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਖੇਡ ਵਿਭਾਗ ਨੇ ਵੱਖ-ਵੱਖ ਖੇਡਾਂ 'ਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਚੋਣ ਲਈ ਟਰਾਇਲਾਂ ਦੀਆਂ ਤਰੀਕਾਂ ਅਤੇ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਟਰਾਇਲ 27 ਨਵੰਬਰ ਤੋਂ ਸ਼ੁਰੂ ਹੋਣਗੇ, ਜਿਨ੍ਹਾਂ 'ਚ ਸੂਬੇ ਭਰ ਦੇ ਨੌਜਵਾਨ ਖਿਡਾਰੀ ਆਪਣੀ ਪ੍ਰਤਿਭਾ ਦਿਖਾ ਕੇ ਪੰਜਾਬ ਟੀਮ 'ਚ ਜਗ੍ਹਾ ਬਣਾਉਣ ਲਈ ਦਾਅਵੇਦਾਰੀ ਪੇਸ਼ ਕਰ ਸਕਣਗੇ।

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਤੇਲੰਗਾਨਾ 'ਚ ਦਸੰਬਰ 'ਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ 2026 ਲਈ ਪੰਜਾਬ ਦੀ ਟੀਮ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ ਖੇਡ ਵਿਭਾਗ ਨੇ ਵੱਖ-ਵੱਖ ਖੇਡਾਂ 'ਚ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਚੋਣ ਲਈ ਟਰਾਇਲਾਂ ਦੀਆਂ ਤਰੀਕਾਂ ਅਤੇ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਟਰਾਇਲ 27 ਨਵੰਬਰ ਤੋਂ ਸ਼ੁਰੂ ਹੋਣਗੇ, ਜਿਨ੍ਹਾਂ 'ਚ ਸੂਬੇ ਭਰ ਦੇ ਨੌਜਵਾਨ ਖਿਡਾਰੀ ਆਪਣੀ ਪ੍ਰਤਿਭਾ ਦਿਖਾ ਕੇ ਪੰਜਾਬ ਟੀਮ 'ਚ ਜਗ੍ਹਾ ਬਣਾਉਣ ਲਈ ਦਾਅਵੇਦਾਰੀ ਪੇਸ਼ ਕਰ ਸਕਣਗੇ।ਖੇਡ ਵਿਭਾਗ ਮੁਤਾਬਕ ਇਨ੍ਹਾਂ ਟਰਾਇਲਾਂ 'ਚ ਕੇਵਲ 18 ਸਾਲ ਤੋਂ ਘੱਟ ਉਮਰ ਵਰਗ ਦੇ ਖਿਡਾਰੀ ਹੀ ਭਾਗ ਲੈ ਸਕਣਗੇ। ਖਿਡਾਰੀ ਦਾ ਜਨਮ ਇੱਕ ਜਨਵਰੀ 2009 ਜਾਂ ਇਸ ਤੋਂ ਬਾਅਦ ਦਾ ਹੋਣਾ ਲਾਜ਼ਮੀ ਹੈ। ਚੋਣ ਪ੍ਰਕਿਰਿਆ ਵੱਖ-ਵੱਖ ਖੇਡਾਂ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਕਰਵਾਈ ਜਾਵੇਗੀ। ਸਾਰੇ ਟਰਾਇਲ ਸਵੇਰੇ 10 ਵਜੇ ਸ਼ੁਰੂ ਹੋਣਗੇ।
27 ਨਵੰਬਰ ਨੂੰ ਛੇ ਖੇਡਾਂ ਲਈ ਵੱਖ-ਵੱਖ ਜਗ੍ਹਾ ਟਰਾਇਲ
27 ਨਵੰਬਰ ਨੂੰ ਬਾਸਕਟਬਾਲ, ਸਾਫਟਬਾਲ, ਵਾਲੀਬਾਲ, ਫੁੱਟਬਾਲ, ਹਾਕੀ ਅਤੇ ਕਬੱਡੀ ਦੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਬਾਸਕਟਬਾਲ ਦੇ ਮੁੰਡਿਆਂ ਅਤੇ ਸਾਫਟਬਾਲ ਦੇ ਮੁੰਡਿਆਂ ਤੇ ਕੁੜੀਆਂ ਦੇ ਟਰਾਇਲ ਪਟਿਆਲਾ ਦੇ ਪੋਲੋ ਗਰਾਊਂਡ 'ਚ ਹੋਣਗੇ। ਵਾਲੀਬਾਲ ਦੇ ਮੁੰਡਿਆਂ ਦੇ ਟਰਾਇਲ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ, ਜਦਕਿ ਫੁੱਟਬਾਲ ਦੇ ਮੁੰਡਿਆਂ ਦੇ ਟਰਾਇਲ ਫਗਵਾੜਾ ਸਥਿਤ ਗੁਰੂ ਨਾਨਕ ਕਾਲਜ 'ਚ ਕਰਵਾਏ ਜਾਣਗੇ।
ਹਾਕੀ ਦੇ ਮੁੰਡਿਆਂ ਦੀ ਚੋਣ ਲਈ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ 'ਚ ਟਰਾਇਲ ਹੋਣਗੇ। ਉੱਥੇ ਹੀ, ਕੁੜੀਆਂ ਦੀ ਕਬੱਡੀ 'ਚ 65 ਕਿਲੋਗ੍ਰਾਮ ਭਾਰ ਵਰਗ ਦੇ ਖਿਡਾਰੀਆਂ ਦੀ ਚੋਣ ਫਰੀਦਕੋਟ ਦੇ ਨਹਿਰੂ ਸਟੇਡੀਅਮ 'ਚ ਕੀਤੀ ਜਾਵੇਗੀ।
ਇੱਕ ਦਸੰਬਰ ਨੂੰ ਖੋ-ਖੋ ਦੇ ਟਰਾਇਲ
ਖੋ-ਖੋ ਦੇ ਮੁੰਡਿਆਂ ਅਤੇ ਕੁੜੀਆਂ ਦੇ ਚੋਣ ਟਰਾਇਲ ਇੱਕ ਦਸੰਬਰ ਨੂੰ ਪਟਿਆਲਾ ਦੇ ਪੋਲੋ ਗਰਾਊਂਡ 'ਚ ਸਵੇਰੇ 10 ਵਜੇ ਹੋਣਗੇ। ਖੇਡ ਵਿਭਾਗ ਨੇ ਸਾਰੇ ਇੱਛੁਕ ਅਤੇ ਯੋਗ ਖਿਡਾਰੀਆਂ ਨੂੰ ਨਿਰਧਾਰਤ ਮਿਤੀ 'ਤੇ ਸਬੰਧਤ ਟਰਾਇਲ ਸਥਾਨ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ।
ਖਿਡਾਰੀਆਂ ਨੂੰ ਟਰਾਇਲ ਦੌਰਾਨ ਆਪਣੀ ਉਮਰ ਦਾ ਵਾਜਬ ਸਬੂਤ ਅਤੇ ਹੋਰ ਜ਼ਰੂਰੀ ਸਰਟੀਫਿਕੇਟ ਤੇ ਦਸਤਾਵੇਜ਼ ਨਾਲ ਲੈ ਕੇ ਆਉਣੇ ਹੋਣਗੇ। ਚੋਣ ਟਰਾਇਲ ਨੌਜਵਾਨ ਖਿਡਾਰੀਆਂ ਲਈ ਪੰਜਾਬ ਟੀਮ 'ਚ ਜਗ੍ਹਾ ਬਣਾਉਣ ਅਤੇ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ।