- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਰੋਡਵੇਜ਼ ਮੁਲਾਜ਼ਮਾਂ ਦਾ ਗੁੱਸਾ ਭੜਕੇਗਾ, ਜਿਸ ਨਾਲ ਬੱਸ ਯਾਤਰੀਆਂ ਨੂੰ ਦੋ ਦਿਨ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ। ਹਰਿਆਣਾ ਰੋਡਵੇਜ਼ ਮੁਲਾਜ਼ਮ ਸਾਂਝਾ ਮੋਰਚਾ ਨੇ ਮੰਗਾਂ ਨੂੰ ਲੈ ਕੇ 5 ਅਤੇ 6 ਨਵੰਬਰ ਨੂੰ ਦੋ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ।

ਇਸ ਦੀਆਂ ਤਿਆਰੀਆਂ ਤਹਿਤ ਪ੍ਰਦੇਸ਼ ਦੇ ਸਾਰੇ ਡਿੱਪੂਆਂ ਵਿੱਚ ਗੇਟ ਮੀਟਿੰਗਾਂ ਕਰਕੇ ਮੁਲਾਜ਼ਮਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਸੀਨੀਅਰ ਆਗੂ ਨਿਸ਼ਾਨ ਸਿੰਘ, ਜੈਬੀਰ ਘਣਘਸ ਅਤੇ ਅਨੁਪ ਲਾਠਰ ਨੇ ਕਿਹਾ ਕਿ ਇਹ ਹੜਤਾਲ ਸਿਰਫ਼ ਮੁਲਾਜ਼ਮਾਂ ਦੇ ਹਿੱਤਾਂ ਤੱਕ ਸੀਮਤ ਨਹੀਂ ਹੈ, ਸਗੋਂ ਸਰਕਾਰੀ ਪਰਿਵਹਨ ਪ੍ਰਣਾਲੀ, ਸਸਤੀ ਯਾਤਰਾ ਅਤੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਬਚਾਉਣ ਦੀ ਲੜਾਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਨਿੱਜੀ ਪਰਮਿਟਾਂ, ਕਿਲੋਮੀਟਰ ਸਕੀਮ ਅਤੇ ਮਹਿੰਗੀਆਂ ਠੇਕੇ ਦੀਆਂ ਇਲੈਕਟ੍ਰਿਕ ਬੱਸਾਂ ਰਾਹੀਂ ਰੋਡਵੇਜ਼ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਅਨੁਪ ਲਾਠਰ ਨੇ ਕਿਹਾ ਕਿ ਨਿੱਜੀ ਸੁਸਾਇਟੀਆਂ ਦੀਆਂ ਬੱਸਾਂ ਵਿੱਚ ਬਜ਼ੁਰਗਾਂ, ਵਿਦਿਆਰਥੀਆਂ ਅਤੇ ਔਰਤਾਂ ਨੂੰ ਸਰਕਾਰੀ ਬੱਸਾਂ ਵਰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਬੱਸ ਸੇਵਾਵਾਂ ਨੂੰ ਹਰ ਪਿੰਡ ਤੱਕ ਵਧਾਇਆ ਜਾਵੇ ਅਤੇ ਸਕੂਲ ਅਤੇ ਕਾਲਜ ਦੇ ਸਮੇਂ ਦੌਰਾਨ ਵਿਦਿਆਰਥਣਾਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਇਆ ਜਾ ਸਕੇ। ਯੂਨੀਅਨ ਨੇ ਸਰਕਾਰ ਨੂੰ ਸੱਤ-ਨੁਕਾਤੀ ਮੰਗਾਂ ਦਾ ਮੰਗ ਪੱਤਰ ਸੌਂਪਿਆ ਹੈ।
ਇਸ ’ਚ ਸਰਕਾਰੀ ਬੱਸਾਂ ਦਾ ਬੇੜਾ ਵਧਾਉਣ, ਪੱਕੀ ਭਰਤੀ ਕਰਨ ਅਤੇ ਬਕਾਇਆ ਆਰਥਿਕ ਮੰਗਾਂ ਲਾਗੂ ਕਰਨ ਦੀ ਮੰਗ ਸ਼ਾਮਲ ਹੈ। ਮੁਲਾਜ਼ਮਾਂ ਦੀਆਂ ਹੋਰ ਪ੍ਰਮੁੱਖ ਮੰਗਾਂ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਦਾ ਪੇ-ਗ੍ਰੇਡ ਵਧਾਉਣਾ, ਸਬ-ਇੰਸਪੈਕਟਰਾਂ ਦੇ ਖਾਲੀ ਅਹੁਦਿਆਂ 'ਤੇ ਤਰੱਕੀ, 2016 ਵਿੱਚ ਭਰਤੀ ਡਰਾਈਵਰਾਂ ਨੂੰ ਪੱਕਾ ਕਰਨਾ, ਬਕਾਇਆ ਬੋਨਸ ਦੇਣਾ, ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਦੇ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਕੱਟੀਆਂ ਗਈਆਂ ਅਰਜਿਤ ਛੁੱਟੀਆਂ ਬਹਾਲ ਕਰਨਾ ਅਤੇ ਜੋਖਮ ਭੱਤਾ ਦੇਣਾ ਸ਼ਾਮਲ ਹੈ।