ਡੇਰਾਬੱਸੀ ਹਲਕੇ 'ਚ 'ਆਪ' ਦੀ ਟਿਕਟ ਲਈ ਘਮਾਸਾਨ, ਪੰਜ ਉਮੀਦਵਾਰਾਂ ਨੇ ਦਾਅਵੇਦਾਰੀ ਕੀਤੀ ਪੇਸ਼, ਚੋਣਾਂ ਤੋਂ ਪਹਿਲਾਂ ਦਾਅਵੇਦਾਰਾਂ ਦੀਆਂ ਸਿਆਸੀ ਸਰਗਰਮੀਆਂ ਤੇਜ਼ ਡੇਰਾਬੱਸੀ ਹਲਕੇ 'ਚ 'ਆਪ' ਦੀ ਟਿਕਟ ਲਈ ਘਮਾਸਾਨ,
Publish Date: Sun, 15 Nov 2026 08:23 PM (IST)
Updated Date: Mon, 16 Nov 2026 04:07 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਵੱਲੋਂ ਪਹਿਲਾਂ 40 ਅਤੇ 31 ਹੋਰ ਉਮੀਦਵਾਰਾਂ ਦੇ ਨਾਂਅ ਐਲਾਨੇ ਜਾਣ ਤੋਂ ਬਾਅਦ ਸੂਬੇ ਭਰ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸ ਐਲਾਨ ਨਾਲ ਹਲਕਾ ਡੇਰਾਬੱਸੀ ’ਚ ਵੀ ਟਿਕਟ ਦੇ ਦਾਅਵੇਦਾਰਾਂ ਦੀਆਂ ਸਿਆਸੀ ਗਤੀਵਿਧੀਆਂ ਇਕਦਮ ਤੇਜ਼ ਹੋ ਗਈਆਂ ਹਨ। ਡੇਰਾਬੱਸੀ ਹਲਕੇ ’ਚ ਆਪ ਦੀ ਟਿਕਟ ਦੀ ਦੌੜ ’ਚ ਮੁੱਖ ਚਿਹਰਿਆਂ ’ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸੁਭਾਸ਼ ਸ਼ਰਮਾ ਵਾਈਸ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਡਾ. ਸੰਨੀ ਸਿੰਘ ਆਹਲੂਵਾਲੀਆ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਗੁਰਸੇਵਕ ਸਿੰਘ ਪੁਆਧੀ ਚੇਅਰਮੈਨ ਮਾਰਕੀਟ ਕਮੇਟੀ ਲਾਲੜੂ ਅਤੇ ਸੰਗਠਨ ਇੰਚਾਰਜ ਹਲਕਾ ਡੇਰਾਬੱਸੀ, ਪ੍ਰਮੋਦ ਰਾਣਾ ਚੇਅਰਮੈਨ ਰਾਜਪੂਤ ਕਲਿਆਣ ਬੋਰਡ ਡੇਰਾਬੱਸੀ ਦੇ ਨਾਂਅ ਸ਼ਾਮਲ ਹਨ। ਕੁਲਜੀਤ ਸਿੰਘ ਰੰਧਾਵਾ (ਮੌਜੂਦਾ ਵਿਧਾਇਕ) : 2022 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਐੱਨਕੇ ਸ਼ਰਮਾ ਅਤੇ ਕਾਂਗਰਸ ਦੇ ਦਿੱਗਜ਼ ਆਗੂ ਦੀਪਇੰਦਰ ਸਿੰਘ ਢਿੱਲੋਂ ਨੂੰ ਹਰਾ ਕੇ ਵੱਡੀ ਜਿੱਤ ਦਰਜ ਕਰਨ ਵਾਲੇ ਕੁਲਜੀਤ ਸਿੰਘ ਰੰਧਾਵਾ ਆਪਣੀ ਸੀਟ ਬਚਾਉਣ ਲਈ ਪੂਰੀ ਤਰ੍ਹਾਂ ਸਰਗਰਮ ਹਨ। ਉਹ ਲਗਭਗ 16 ਸਾਲ ਡੇਰਾਬੱਸੀ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਆਲ ਪੰਜਾਬ ਟਰਾਂਸਪੋਰਟ ਯੂਨੀਅਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ। ਉਹ ਪਟਿਆਲਾ ਜ਼ਿਲ੍ਹੇ ਦੇ ਭਾਂਖਰਪੁਰ ਬਲਾਕ ਤੋਂ ਜ਼ਿਲ੍ਹਾ ਪਰਿਸ਼ਦ ਮੈਂਬਰ ਵੀ ਰਹੇ ਹਨ। ਉਹ ਪੰਚਾਇਤ ਪਰਿਸ਼ਦ ਪੰਜਾਬ ਦੇ ਪ੍ਰਧਾਨ ਵੀ ਹਨ। ਉਹ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ, ਪੰਚਾਇਤੀ ਰਾਜ ਅਤੇ ਵਿਸ਼ੇਸ਼ ਅਧਿਕਾਰ ਕਮੇਟੀਆਂ ਦੇ ਮੈਂਬਰ ਹਨ। ਉਹ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਖੇਤਰ ’ਚ ਡਰੇਨੇਜ, ਸੀਵਰੇਜ ਟਰੀਟਮੈਂਟ ਪਲਾਂਟ, ਰੋਡ ਨੈੱਟਵਰਕ ਅਤੇ ਨਵੇਂ ਜੁਡੀਸ਼ੀਅਲ ਕੰਪਲੈਕਸ ਦੀ ਉਸਾਰੀ ਵਰਗੇ ਪ੍ਰੋਜੈਕਟਾਂ ਲਈ ਉਹ ਸਬੰਧਤ ਮੰਤਰਾਲਿਆਂ ਨਾਲ ਲਗਾਤਾਰ ਰਾਬਤਾ ਬਣਾ ਕੇ ਕੰਮ ਕਰਵਾ ਰਹੇ ਹਨ। ਡਾ. ਐੱਸਐੱਸ ਆਹਲੂਵਾਲੀਆ (ਚੇਅਰਮੈਨ) : ਪਾਰਟੀ ਦੇ ਪੰਜਾਬ ਜਨਰਲ ਸਕੱਤਰ ਡਾ. ਸੰਨੀ ਆਹਲੂਵਾਲੀਆ ਸਾਲ 2013-14 ਤੋਂ ਆਪ ਨਾਲ ਜੁੜੇ ਹੋਏ ਹਨ। ਹਾਲ ਹੀ ’ਚ ਉਨ੍ਹਾਂ ਨੇ ਡੇਰਾਬੱਸੀ ਦੇ ਫੋਕਲ ਪੁਆਇੰਟ ਵਿਖੇ 62.58 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਹੈ। ਉਹ ਮੁਬਾਰਕਪੁਰ ਵਿਖੇ ਡੈਂਟਲ ਕਲੀਨਿਕ ਚਲਾ ਕੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਡਾ. ਆਹਲੂਵਾਲੀਆ ਹੁਣ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਖੇਤਰ ’ਚ ਆਪਣੀ ਰਾਜਨੀਤਿਕ ਪਕੜ ਮਜ਼ਬੂਤ ਕਰ ਰਹੇ ਹਨ। ਸੂਬੇ ’ਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਨੂੰ ਫਿਲਟਰ ਕਰਕੇ ਪੀਣ ਯੋਗ ਬਣਾਉਣ ਦੇ ਪ੍ਰੋਜੈਕਟਾਂ ਅਤੇ ਸੀਵਰੇਜ ਸੁਧਾਰਾਂ ਲਈ ਵੱਡੇ ਫੰਡ ਜਾਰੀ ਕਰਵਾਏ ਹਨ। ਸੁਭਾਸ਼ ਸ਼ਰਮਾ (ਵਾਈਸ ਚੇਅਰਮੈਨ ) : ਸਾਲ 2013-14 ’ਚ ਆਮ ਆਦਮੀ ਪਾਰਟੀ ਨਾਲ ਜੁੜੇ ਸੁਭਾਸ਼ ਸ਼ਰਮਾ ਲਾਲੜੂ ਅਤੇ ਡੇਰਾਬੱਸੀ ਖੇਤਰ ਦੇ ਮਜ਼ਬੂਤ ਥੰਮ੍ਹ ਮੰਨੇ ਜਾਂਦੇ ਹਨ। ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ (ਡੇਰਾਬੱਸੀ ਅਤੇ ਤਰਨਤਾਰਨ) ’ਚ ਸੇਵਾ ਕਾਰਜ ਕਰਨ ਤੋਂ ਇਲਾਵਾ ਵੱਖ-ਵੱਖ ਚੋਣਾਂ ’ਚ ਪਾਰਟੀ ਲਈ ਪ੍ਰਚਾਰ ਕੀਤਾ ਹੈ। ਉਹ ਲਾਲੜੂ, ਡੇਰਾਬੱਸੀ, ਮੁਬਾਰਕਪੁਰ ਅਤੇ ਈਸਾਪੁਰ ਖੇਤਰਾਂ ’ਚ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਿੱਧਾ ਰਾਬਤਾ ਰੱਖਣ ’ਚ ਅੱਗੇ ਰਹੇ ਹਨ। ਗੁਰਸੇਵਕ ਸਿੰਘ ਪੁਆਧੀ (ਚੇਅਰਮੈਨ) : ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ’ਚ ਗੁਰਸੇਵਕ ਸਿੰਘ ਪੁਆਧੀ ਦਾ ਅਹਿਮ ਯੋਗਦਾਨ ਹੈ। ਡੇਰਾਬੱਸੀ ਦੇ ਸੰਗਠਨ ਇੰਚਾਰਜ ਵਜੋਂ ਉਹ ਜ਼ਮੀਨੀ ਪੱਧਰ (ਗ੍ਰਾਸਰੂਟ) ਤੇ ਵਰਕਰਾਂ ਨੂੰ ਜੋੜਨ ਅਤੇ ਪੰਜਾਬ ਸਰਕਾਰ ਦੀਆਂ ਜਨ-ਕਲਿਆਣਕਾਰੀ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਦਾ ਪਰਿਵਾਰ ਮਰਹੂਮ ਅਕਾਲੀ ਆਗੂ ਅਤੇ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਰਹੇ ਕੈਪਟਨ ਕੰਵਲਜੀਤ ਸਿੰਘ ਦੇ ਕਰੀਬੀਆਂ ’ਚੋਂ ਇਕ ਹੈ। ਪ੍ਰਮੋਦ ਰਾਣਾ (ਚੇਅਰਮੈਨ) : ਪਿੰਡ ਲਾਲੜੂ ਦੇ ਵਸਨੀਕ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਪ੍ਰਮੋਦ ਰਾਣਾ ਭਾਰਤੀ ਫ਼ੌਜ ਤੋਂ ਨਾਇਬ ਸੂਬੇਦਾਰ ਵਜੋਂ ਰਿਟਾਇਰਡ ਹਨ। 2013-14 ’ਚ ਆਪ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ’ਚ ਸਰਗਰਮ ਸਨ। ਉਹ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਵੀ ਰਹਿ ਚੁੱਕੇ ਹਨ। ਆਮ ਆਦਮੀ ਪਾਰਟੀ ਦਿੱਲੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਕਰੀਬੀਆਂ ’ਚ ਗਿਣੇ ਜਾਂਦੇ ਰਾਣਾ 2017 ਅਤੇ 2022 ਦੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ’ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਅਤੇ ਹੁਣ ਹਲਕੇ ’ਚ ਆਪਣੀਆਂ ਗਤੀਵਿਧੀਆਂ ਵਧਾ ਰਹੇ ਹਨ। ਸਿੱਟਾ : 40 ਉਮੀਦਵਾਰਾਂ ਦੀ ਪਹਿਲੀ ਅਤੇ 31 ਉਮੀਦਵਾਰਾਂ ਦੀ ਦੂਜੀ ਸੂਚੀ ਆਉਣ ਤੋਂ ਬਾਅਦ ਸਿਆਸੀ ਹਲਚਲ ਆਪਣੇ ਸਿਖਰ ਤੇ ਹੈ। ਇਕ ਪਾਸੇ ਜਿੱਥੇ ਮੌਜੂਦਾ ਵਿਧਾਇਕ ਆਪਣੇ ਕੀਤੇ ਵਿਕਾਸ ਕਾਰਜਾਂ ਦੇ ਦਮ ਤੇ ਦੂਜੀ ਵਾਰ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਉੱਥੇ ਹੀ ਸੀਨੀਅਰ ਆਗੂ ਵੀ ਆਪਣਾ ਦਾਅ ਮਾਰਨ ਲਈ ਤਿਆਰ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਨ 2027 ਲਈ ਡੇਰਾਬੱਸੀ ਤੋਂ ਕਿਸ ਚਿਹਰੇ ਤੇ ਆਪਣਾ ਭਰੋਸਾ ਜਤਾਉਂਦੀ ਹੈ।