ਮੁਬਾਰਕਪੁਰ-ਪੰਡਵਾਲਾ ਰੋਡ 'ਤੇ ਮੰਦਰ 'ਚ ਲੱਖਾਂ ਦੀ ਚੋਰੀ, ਗੱਲਾ ਲੈ ਕੇ ਚੋਰ ਫ਼ਰਾਰ ਮੁਬਾਰਕਪੁਰ-ਪੰਡਵਾਲਾ ਰੋਡ 'ਤੇ ਮੰਦਰ 'ਚ ਲੱਖਾਂ ਦੀ ਚੋਰੀ, ਗੱਲਾ ਲੈਕੇ ਚੋਰ ਫ਼ਰਾਰ,
Publish Date: Thu, 08 Oct 2026 07:51 PM (IST)
Updated Date: Thu, 08 Oct 2026 07:53 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ-ਪੰਡਵਾਲਾ ਰੋਡ ’ਤੇ ਸਥਿਤ ਪ੍ਰਸਿੱਧ ਕ੍ਰਿਸ਼ਨਾ ਮੰਦਰ ਵਿਚ ਬੀਤੀ ਦੇਰ ਰਾਤ ਇਕ ਅਣਪਛਾਤੇ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਚੋਰ ਮੰਦਰ ਦਾ ਗੱਲਾ (ਦਾਨ ਪਾਤਰ) ਚੁਕ ਕੇ ਉਸ ਵਿਚ ਰੱਖੀ ਚੜ੍ਹਾਵੇ ਦੀ ਨਕਦੀ ਸਮੇਤ ਗੱਲਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਦਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਨੂੰ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਹ ਸਵੇਰੇ ਮੰਦਰ ਵਿਚ ਪੂਜਾ-ਅਰਚਨਾ ਲਈ ਪਹੁੰਚੇ। ਉਨ੍ਹਾਂ ਦੇਖਿਆ ਕਿ ਮੰਦਰ ਦਾ ਦਾਨ ਪਾਤਰ ਅਤੇ ਸਾਰੀ ਨਕਦੀ ਗਾਇਬ ਸੀ। ਇਸ ਤੋਂ ਬਾਅਦ ਤੁਰੰਤ ਘਟਨਾ ਦੀ ਸੂਚਨਾ ਡੇਰਾਬੱਸੀ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਵਿਚ ਇਕ ਅਣਪਛਾਤਾ ਵਿਅਕਤੀ ਦੇਰ ਰਾਤ ਮੰਦਰ ਦੇ ਅੰਦਰ ਦਾਖ਼ਲ ਹੁੰਦਾ ਅਤੇ ਗੱਲੇ ਨੂੰ ਜ਼ਬਰਦਸਤੀ ਪੱਟ ਕੇ ਨਕਦੀ ਚੋਰੀ ਕਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਮੰਦਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਦਾਨ ਪਾਤਰ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਸ਼ਰਧਾਲੂਆਂ ਵੱਲੋਂ ਚੜ੍ਹਾਇਆ ਗਿਆ ਚੜ੍ਹਾਵਾ ਜਮ੍ਹਾਂ ਸੀ, ਜਿਸ ਨੂੰ ਚੋਰ ਲੈ ਉੱਡਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਸ਼ਰਧਾਲੂਆਂ ਵਿਚ ਭਾਰੀ ਰੋਸ ਅਤੇ ਚਿੰਤਾ ਦਾ ਮਾਹੌਲ ਹੈ। ਸਥਾਨਕ ਨਿਵਾਸੀਆਂ ਨੇ ਇਲਾਕੇ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਡੇਰਾਬੱਸੀ ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।