ਮੰਦਰ ’ਚ 20 ਦਿਨਾਂ ਅੰਦਰ ਦੂਜੀ ਵਾਰ ਚੋਰੀ, ਪ੍ਰਬੰਧਕਾਂ ਵੱਲੋਂ ਭੁੱਖ ਹੜਤਾਲ ਦੀ ਚਿਤਾਵਨੀ ਮੰਦਰ ’ਚ 20 ਦਿਨਾਂ ਅੰਦਰ ਦੂਜੀ ਵਾਰ ਚੋਰੀ, ਪ੍ਰਬੰਧਕਾਂ ਵੱਲੋਂ ਭੁੱਖ ਹੜਤਾਲ ਦੀ ਚਿਤਾਵਨੀ
Publish Date: Wed, 28 Oct 2026 09:17 PM (IST)
Updated Date: Wed, 28 Oct 2026 09:19 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪਿੰਡ ਮੁਬਾਰਕਪੁਰ ਦੀ ਗਊਸ਼ਾਲਾ ਵਿਚ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਚ 20 ਦਿਨਾਂ ਅੰਦਰ ਦੂਜੀ ਵਾਰ ਚੋਰੀ ਹੋਣ ਕਾਰਨ ਮੰਦਰ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ। ਚੋਰ ਮੰਦਰ ਵਿਚੋਂ ਗੋਲਕ, ਲੱਡੂ ਗੋਪਾਲ ਦੀ ਮੂਰਤੀ, ਚਾਂਦੀ ਦੀਆਂ ਗਊ ਮਾਤਾ ਦੀਆਂ ਮੂਰਤੀਆਂ, ਬੰਸਰੀ, ਘੰਟਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਗਊਸ਼ਾਲਾ ਦੇ ਮਾਲਕ ਅਤੇ ਉਦਯੋਗਪਤੀ ਕੇਵਲ ਗਰਗ ਨੇ ਦੱਸਿਆ ਕਿ ਪਹਿਲੀ ਚੋਰੀ ਦੀ ਸੂਚਨਾ ਮੁਬਾਰਕਪੁਰ ਪੁਲਿਸ ਚੌਕੀ ਨੂੰ ਦਿੱਤੀ ਗਈ ਸੀ, ਪਰ ਉਨ੍ਹਾਂ ਦੇ ਅਨੁਸਾਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਹਿਲੀ ਵਾਰਦਾਤ ਤੋਂ ਬਾਅਦ ਮੰਦਰ ’ਚ ਨਵੇਂ ਤਾਲੇ ਲਗਵਾਏ ਗਏ ਸਨ, ਪਰ ਇਸ ਦੇ ਬਾਵਜੂਦ ਚੋਰਾਂ ਨੇ ਮੁੜ ਚੋਰੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਰਾਸ਼ਟਰੀ ਹਿੰਦੂ ਸ਼ਕਤੀ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਰਵਿੰਦਰ ਵੈਸ਼ਨਵ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਤੋਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਕੇਵਲ ਗਰਗ ਨੇ ਚਿਤਾਵਨੀ ਦਿੱਤੀ ਕਿ ਜੇਕਰ 24 ਘੰਟਿਆਂ ਅੰਦਰ ਚੋਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਉਹ ਡੀਐੱਸਪੀ ਡੇਰਾਬੱਸੀ ਦੇ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠਣਗੇ। ਮੰਦਰ ਦੇ ਸੇਵਾਦਾਰਾਂ, ਸੰਗਠਨ ਦੇ ਕਾਰਕੁਨਾਂ ਅਤੇ ਧਾਰਮਿਕ ਆਗੂਆਂ ਨੇ ਵੀ ਪੁਲਿਸ ਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਡੀਐੱਸਪੀ ਹੈੱਡਕੁਆਰਟਰ ਮੁਹਾਲੀ ਵਰਿੰਦਰ ਸਿੰਘ ਖੋਸਾ ਨੇ ਜਲਦੀ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਐੱਨਕੇ ਸ਼ਰਮਾ ਵੀ ਮੌਜੂਦ ਸਨ।