ਇਲੈਕਟ੍ਰਾਨਿਕਸ ਦੀ ਦੁਕਾਨ ’ਚੋਂ ਨਕਦੀ ਤੇ ਸਾਮਾਨ ਚੋਰੀ
ਪੈਟਰੋਲ ਪੰਪ ਨੇੜੇ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਵਿਚ ਚੋਰੀ,
Publish Date: Mon, 23 Feb 2026 07:38 PM (IST)
Updated Date: Mon, 23 Feb 2026 07:40 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਬੀਤੀ ਰਾਤ ਮੁਬਾਰਕਪੁਰ ਪੈਟਰੋਲ ਪੰਪ ਨੇੜੇ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਤੋਂ ਅਣਪਛਾਤੇ ਚੋਰਾਂ ਵੱਲੋਂ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜ ਕੇ ਇੱਕ ਵਾਸ਼ਿੰਗ ਮਸ਼ੀਨ, ਦੋ ਮੋਬਾਈਲ ਫੋਨ, ਇਕ ਫਰਿੱਜ ਅਤੇ ਲਗਭਗ 7 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲਗਭਗ ਇਕ ਲੱਖ 25 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਡੇਰਾਬੱਸੀ ਦੇ ਰਹਿਣ ਵਾਲੇ ਦੁਕਾਨ ਮਾਲਕ ਸਿਧਾਰਥ ਨੇ ਦੱਸਿਆ ਕਿ ਉਸ ਨੂੰ ਸਵੇਰੇ ਇਕ ਦੋਸਤ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਿਧਾਰਥ ਨੇ ਕਿਹਾ ਕਿ ਦੁਕਾਨ ਦੇ ਸੀਸੀਟੀਵੀ ਫੁਟੇਜ ਵਿਚ ਚੋਰਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢੱਕੇ ਹੋਏ ਦਿਖਾਏ ਹਨ ਅਤੇ ਉਨ੍ਹਾਂ ਨੇ ਬਾਹਰੀ ਕੈਮਰੇ ਵੀ ਤੋੜ ਦਿੱਤੇ ਹਨ। ਫੁਟੇਜ ਦੇ ਆਧਾਰ ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨ ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਫੈਲ ਗਿਆ ਹੈ। ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੀ ਨਿਗਰਾਨੀ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦੀ ਫੜਿਆ ਜਾਵੇ। ਸਥਾਨਕ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਫ਼ਰਾਰ ਚੋਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।