ਨਾਬਾਲਗ ਨੇ ਗੋਲਕ ਤੋੜ ਕੇ ਪੈਸੇ ਕੱਢੇ, ਵੀਡੀਓ ਵਾਇਰਲ ਡੇਰਾਬੱਸੀ ਥਾਣੇ ਸਾਹਮਣੇ ਧਾਰਮਿਕ ਸਥਾਨ ’ਤੇ ਚੋਰੀ, ਨਾਬਾਲਗ ਨੇ ਗੋਲਕ ਤੋੜ ਕੇ ਪੈਸੇ ਕੱਢੇ, ਵੀਡੀਓ ਵਾਇਰਲ
Publish Date: Mon, 28 Sep 2026 08:30 PM (IST)
Updated Date: Mon, 28 Sep 2026 08:33 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਸ਼ਾਹਮਾਰਗ ’ਤੇ ਸਥਿਤ ਡੇਰਾਬੱਸੀ ਬੱਸ ਸਟੈਂਡ ਦੇ ਬਿਲਕੁਲ ਨਾਲ ਅਤੇ ਪੁਲਿਸ ਥਾਣੇ ਦੇ ਸਾਹਮਣੇ ਸਥਿਤ ਰਾਮ ਤਲਾਈ ਵਿਖੇ ਦੇਰ ਰਾਤ ਚੋਰੀ ਦੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਰਾਤ ਦੇ ਲਗਭਗ 1:00 ਵਜੇ ਇਕ ਨਾਬਾਲਗ ਲੜਕੇ ਨੇ ਭਗਵਾਨ ਰਾਮ ਦੀ ਮੂਰਤੀ ਦੇ ਹੇਠਾਂ ਰੱਖੇ ਦਾਨ ਵਾਲੇ ਗੋਲਕ ਨੂੰ ਤੋੜ ਦਿੱਤਾ ਅਤੇ ਉਸ ਵਿਚੋਂ ਚੜ੍ਹਾਵੇ ਦੇ ਪੈਸੇ ਕੱਢ ਕੇ ਫ਼ਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਤਲਾਈ ਵਿਖੇ ਸ਼ਰਧਾਲੂਆਂ ਦੀ ਆਸਥਾ ਨੂੰ ਧਿਆਨ ’ਚ ਰੱਖਦਿਆਂ ਭਗਵਾਨ ਰਾਮ ਦੀ ਮੂਰਤੀ ਸਥਾਪਤ ਕੀਤੀ ਗਈ ਹੈ, ਜਿੱਥੇ ਦਾਨ ਲਈ ਇਕ ਗੋਲਕ ਰੱਖਿਆ ਹੋਇਆ ਸੀ। ਘਟਨਾ ਸਮੇਂ ਆਸ-ਪਾਸ ਦੇ ਕੁਝ ਲੋਕਾਂ ਨੇ ਉਕਤ ਨਾਬਾਲਗ ਨੂੰ ਗੋਲਕ ਤੋੜਦੇ ਹੋਏ ਦੇਖ ਲਿਆ। ਲੋਕਾਂ ਨੇ ਤੁਰੰਤ ਰੌਲਾ ਪਾਇਆ ਅਤੇ ਆਪਣੇ ਮੋਬਾਈਲ ਫੋਨਾਂ ਨਾਲ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ। ਇਹ ਵੀਡੀਓਜ਼ ਹੁਣ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਅਜੇ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਕਤ ਨਾਬਾਲਗ ਨੂੰ ਪੁਲਿਸ ਦੁਆਰਾ ਹਿਰਾਸਤ ’ਚ ਲਿਆ ਗਿਆ ਹੈ ਜਾਂ ਉਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ’ਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਥਾਣੇ ਦੇ ਬਿਲਕੁਲ ਸਾਹਮਣੇ ਅਜਿਹੀ ਘਟਨਾ ਦਾ ਵਾਪਰਨਾ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਵਾਸੀਆਂ ਅਨੁਸਾਰ ਇਲਾਕੇ ਵਿਚ ਕੁਝ ਨਾਬਾਲਗ ਨੌਜਵਾਨ ਅਕਸਰ ਦੇਰ ਰਾਤ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਦੇਰ ਰਾਤ ਸੁੰਨਸਾਨ ਜਗ੍ਹਾਵਾਂ ਅਤੇ ਧਾਰਮਿਕ ਸਥਾਨਾਂ ਦੇ ਆਸ-ਪਾਸ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਆਮ ਵੇਖਣ ਨੂੰ ਮਿਲਦੀਆਂ ਹਨ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ, ਰਾਮ ਤਲਾਈ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ। ਇਸ ਤੋਂ ਇਲਾਵਾ, ਭਵਿੱਖ ਵਿਚ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਧਾਰਮਿਕ ਸਥਾਨਾਂ ਦੇ ਨੇੜੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।