ਹਾਈਵੇ 'ਤੇ ਸਥਿਤ ਫਾਸਟ ਫੂਡ ਦੀ ਦੁਕਾਨ 'ਚ ਚੋਰੀ
ਹਾਈਵੇ 'ਤੇ ਸਥਿਤ ਫਾਸਟ ਫੂਡ ਦੀ ਦੁਕਾਨ 'ਚ ਚੋਰੀ; ਸਿਲੰਡਰ ਅਤੇ ਨਕਦੀ ਲੈ ਕੇ ਚੋਰ ਫ਼ਰਾਰ
Publish Date: Tue, 24 Feb 2026 08:17 PM (IST)
Updated Date: Tue, 24 Feb 2026 08:19 PM (IST)

ਸਿਲੰਡਰ ਅਤੇ ਨਕਦੀ ਲੈ ਕੇ ਚੋਰ ਫ਼ਰਾਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਡੇਰਾਬੱਸੀ ਵਿਖੇ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲੇ ਵਿਚ ਹਾਈਵੇ ਤੇ ਸਥਿਤ ਮਸ਼ਹੂਰ ਛਾਬੜਾ ਫਾਸਟ ਫੂਡ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਚੋਰਾਂ ਨੇ ਰਾਤ ਦੇ ਹਨੇਰੇ ਦਾ ਫ਼ਾਇਦਾ ਉਠਾਉਂਦਿਆਂ ਦੁਕਾਨ ਦੇ ਤਾਲੇ ਤੋੜੇ ਅਤੇ ਅੰਦਰ ਦਾਖ਼ਲ ਹੋ ਗਏ। ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਡੇਰਾਬੱਸੀ ਵਿਖੇ ਸਥਿਤ ਛਾਬੜਾ ਫਾਸਟ ਫੂਡ ਦੇ ਮਾਲਕ ਮੁਤਾਬਕ ਚੋਰ ਉਸ ਦੀ ਦੁਕਾਨ ਤੋਂ 3 ਗੈਸ ਸਿਲੰਡਰ, 2 ਰਿਫਾਇੰਡ ਤੇਲ ਦੇ ਟੀਨ ਅਤੇ ਗੱਲੇ ਵਿਚ ਪਈ 700 ਰੁਪਏ ਨਕਦੀ ਚੋਰੀ ਕਰਕੇ ਲੈਕੇ ਗਏ। ਦੁਕਾਨ ਦੇ ਮਾਲਕ ਨੂੰ ਚੋਰੀ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਅੱਜ ਸਵੇਰੇ ਦੁਕਾਨ ਖੋਲ੍ਹਣ ਪਹੁੰਚਿਆ। ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਕੀਮਤੀ ਸਾਮਾਨ ਗਾਇਬ ਸੀ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ। ਦੁਕਾਨ ਮਾਲਕ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ। ਸਥਾਨਕ ਦੁਕਾਨਦਾਰਾਂ ਵਿਚ ਇਸ ਚੋਰੀ ਤੋਂ ਬਾਅਦ ਦਹਿਸ਼ਤ ਅਤੇ ਰੋਸ ਦਾ ਮਾਹੌਲ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।