ਪੰਜਾਬ ਭਰ ਦੇ ਟਰਾਫ਼ੀ ਟੂਰ ਨੂੰ ਅੱਜ ਦਿੱਤੀ ਜਾਵੇਗੀ ਹਰੀ ਝੰਡੀ ਪੰਜਾਬ ਭਰ ਦੇ ਟਰਾਫ਼ੀ ਟੂਰ ਨੂੰ ਅੱਜ ਦਿੱਤੀ ਜਾਵੇਗੀ ਹਰੀ ਝੰਡੀ
Publish Date: Sat, 17 Oct 2026 06:27 PM (IST)
Updated Date: Sat, 17 Oct 2026 06:30 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ’ਚ ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਹੀਰੋ (ਪੁਰਸ਼) ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਦੇ ਪ੍ਰਚਾਰ ਅਤੇ ਲੋਕਾਂ ਨੂੰ ਇਸ ਵੱਕਾਰੀ ਖੇਡ ਮੁਕਾਬਲੇ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਟਰਾਫ਼ੀ ਟੂਰ ਦੀ ਸ਼ੁਰੂਆਤ ਅੱਜ 18 ਅਕਤੂਬਰ ਨੂੰ, ਸਵੇਰੇ 10 ਵਜੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ, ਫੇਸ 10, ਸੈਕਟਰ 64, ਮੁਹਾਲੀ ਤੋਂ ਹੋਵੇਗੀ। ਇਸ ਮੌਕੇ ਟਰਾਫ਼ੀ ਨੂੰ ਰਸਮੀ ਤੌਰ ’ਤੇ ਕੌਮਾਂਤਰੀ ਹਾਕੀ ਖਿਡਾਰੀਆਂ ਵੱਲੋਂ ਹਰੀ ਝੰਡੀ ਦਿਖਾ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਜਾਵੇਗਾ। ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ, ਖੇਡਾਂ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਇਸ ਟਰਾਫ਼ੀ ਟੂਰ ਦਾ ਮਕਸਦ ਅੰਤਰਰਾਸ਼ਟਰੀ ਹਾਕੀ ਮੁਕਾਬਲੇ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਸਮੇਤ ਆਮ ਲੋਕਾਂ ਵਿਚ ਹਾਕੀ ਪ੍ਰਤੀ ਦਿਲਚਸਪੀ ਅਤੇ ਉਤਸ਼ਾਹ ਵਧਾਉਣਾ ਹੈ। ਇਸ ਦੌਰਾਨ ਹਾਕੀ ਖਿਡਾਰੀਆਂ ਦੀ ਸ਼ਮੂਲੀਅਤ ਨਾਲ ਪ੍ਰਦਰਸ਼ਨੀ ਮੈਚ ਕਰਵਾਉਣ ਦੇ ਨਾਲ-ਨਾਲ ਟਰਾਫ਼ੀ ਨਾਲ ਯਾਦਗਾਰੀ ਤਸਵੀਰਾਂ ਖਿਚਵਾਉਣ ਲਈ ਸੈਲਫ਼ੀ ਪੁਆਇੰਟ ਵੀ ਸਥਾਪਤ ਕੀਤਾ ਜਾਵੇਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਰਵਾਨਾ ਹੋਣ ਉਪਰੰਤ ਟਰਾਫ਼ੀ ਫ਼ਤਹਿਗੜ੍ਹ ਸਾਹਿਬ ਰਾਹੀਂ ਪਟਿਆਲਾ ਪਹੁੰਚੇਗੀ। ਇਸ ਤੋਂ ਬਾਅਦ ਇਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਪ੍ਰੇਮੀਆਂ, ਹਾਕੀ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਇਸ ਪਹਿਲਕਦਮੀ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਪੰਜਾਬ ਵਿਚ ਹੋਣ ਵਾਲੇ ਇਸ ਅੰਤਰਰਾਸ਼ਟਰੀ ਖੇਡ ਸਮਾਗਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ।