ਲਾਲੜੂ 'ਚ ਜਾਮ ਦੀ ਸਥਿਤੀ ਗੰਭੀਰ ਬਣਨ ਲੱਗੀ ਲਾਲੜੂ 'ਚ ਜਾਮ ਦੀ ਸਥਿਤੀ ਗੰਭੀਰ ਬਣਨ ਲੱਗੀ,
Publish Date: Sun, 20 Sep 2026 08:14 PM (IST)
Updated Date: Mon, 21 Sep 2026 04:11 AM (IST)
ਛੋਟੀ ਸਰਵਿਸ ਰੋਡ ਤੇ ਆਈਟੀਆਈ ਚੌਕ ਦੀ ਟ੍ਰੈਫਿਕ ਸੰਕਟ ਬਣੀ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਅੰਬਾਲਾ -ਚੰਡੀਗੜ੍ਹ ਕੌਮੀ ਮਾਰਗ ਉੱਤੇ ਬਣੇ ਪੁਲ਼ ਦੇ ਹੇਠਾਂ ਬਣਾਏ ਗਏ ਤੰਗ ਲਾਂਘੇ, ਸਮੇਂ ਦੇ ਹਿਸਾਬ ਨਾਲ ਛੋਟੀ ਹੋਈ ਸਰਵਿਸ ਰੋਡ ਤੇ ਆਈਟੀਆਈ ਚੌਕ ਉੱਤੇ ਵਧੀ ਟ੍ਰੈਫਿਕ ਲਾਲੜੂ ਤੇ ਨੇੜਲੇ ਇਲਾਕਾ ਵਾਸੀਆਂ ਲਈ ਨਾਸੂਰ ਬਣ ਗਈ ਹੈ। ਇਸ ਉਭਰਦੇ ਸ਼ਹਿਰ ਵਿਚ ਸਾਰਾ ਦਿਨ ਇਸ ਕਦਰ ਜਾਮ ਲੱਗਿਆ ਰਹਿੰਦਾ ਹੈ ਕਿ ਕਈ ਵਾਰ ਲੋਕਾਂ ਦਾ ਸ਼ਹਿਰ ਵਿਚਲਾ ਅੱਧਾ ਕੁ ਕਿਲੋਮੀਟਰ ਦਾ ਰਾਸਤਾ ਪਾਰ ਕਰਨ ਵਿਚ ਹੀ ਅੱਧਾ ਘੰਟਾ ਲੱਗ ਜਾਂਦਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਇਸ ਕੌਮੀ ਮਾਰਗ ਨੂੰ ਚਹੁੰ ਮਾਰਗੀ ਕਰਨ ਵੇਲੇ ਲਾਲੜੂ ਪਿੰਡ ਤੇ ਲਾਲੜੂ ਮੰਡੀ ਨੂੰ ਰਾਹ ਦੇਣ ਲਈ ਪੁਲ਼ ਹੇਠਾਂ ਕਰੀਬ ਤੀਹ ਕੁ ਫੁੱਟ ਚੌੜਾ ਸਿੰਗਲ ਲਾਂਘਾਂ ਦਿੱਤਾ ਗਿਆ ਸੀ ਜੋ ਕਿ ਸਮੇਂ ਦੇ ਹਿਸਾਬ ਨਾਲ ਛੋਟੀ ਪੁਲ਼ੀ ਜਾਂ ਕਹਿ ਲਵੋ ਕਿ ਖਿੜਕੀ ਬਣ ਕੇ ਰਹਿ ਗਿਆ ਹੈ। ਤਤਕਾਲੀਨ ਅਧਿਕਾਰੀਆਂ ਤੇ ਸਥਾਨਕ ਆਗੂਆਂ ਦੀ ਦੂਰਦਰਸ਼ਤਾ ਦੀ ਘਾਟ ਕਰਨ ਹੁਣ ਲੋਕ ਇਸ ਪੁਲ਼ ਹੇਠਿਓਂ ਲੰਘਣ ਵੇਲੇ ਬੇਹੱਦ ਖੱਜਲ-ਖੁਆਰ ਹੁੰਦੇ ਹਨ। ਸਵੇਰੇ-ਦੁਪਹਿਰ ਤੇ ਸ਼ਾਮ ਵੇਲੇ ਤਾਂ ਸਕੂਲੀ ਬੱਚੇ, ਆਮ ਮੁਸਾਫ਼ਿਰ ਤੇ ਦਫ਼ਤਰੀ ਮੁਲਾਜ਼ਮ ਬੇਹੱਦ ਪਰੇਸ਼ਾਨ ਹੁੰਦੇ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਕੌਮੀ ਮਾਰਗ ਨੂੰ ਲੱਗਦੀ ਸਰਵਿਸ ਰੋਡ ਨਾ ਸਿਰਫ਼ ਛੋਟੀ ਪੈਣ ਲੱਗੀ ਹੈ ,ਸਗੋਂ ਕਈ ਥਾਈਂ ਉਸ ਨੂੰ ਨਿੱਜੀ ਵਾਹਨ ਪੂਰਾ-ਪੂਰਾ ਦਿਨ ਮੱਲ ਕੇ ਰੱਖਦੇ ਹਨ, ਜੋ ਕਿ ਸਰਵਿਸ ਰੋਡ ਘੱਟ ਤੇ ਪਾਰਕਿੰਗ ਵੱਧ ਲੱਗਦੀ ਹੈ, ਜਿਸ ਦੇ ਚੱਲਦਿਆਂ ਵਾਹਨ ਕੀੜੀ ਦੀ ਰਫ਼ਤਾਰ ਤੁਰਨ ਤੇ ਇਕ ਦੂਜੇ ਨਾਲ ਖਹਿ ਕੇ ਲੰਘਣ ਲਈ ਮਜਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਆਈਟੀਆਈ ਚੌਕ ਉੱਤੇ ਕੋਈ ਪੁਲ਼ ਵਗੈਰਾ ਨਾ ਹੋਣ ਦਾ ਖ਼ਮਿਆਜ਼ਾ ਵੀ ਸਥਾਨਕ ਲੋਕ ਭੁਗਤ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੌਕ ਪੁਲ਼ ਵਾਲੇ ਲਾਂਘੇ ਤੋਂ ਕਰੀਬ ਦੋ ਕਿਲੋਮੀਟਰ ਦੂਰ ਹੈ ਤੇ ਇਸ ਰਾਸਤੇ ਦਰਮਿਆਨ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਵੱਲੋਂ ਕੋਈ ਹੋਰ ਕੱਟ ਨਾ ਦੇਣ ਕਾਰਨ ਇਸ ਸਰਵਿਸ ਰੋਡ ਉੱਤੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ, ਜਿਸ ਨੂੰ ਦੇਖਦਿਆਂ ਇੱਥੇ ਇਕ ਕੱਟ ਤੇ ਇਕ ਹੋਰ ਲਾਂਘੇ ਦੀ ਬਹੁਤ ਲੋੜ ਹੈ। ਇਸੇ ਪ੍ਰਕਾਰ ਇਕ ਅਹਿਮ ਕੱਟ ਸੈਣੀ ਮਾਰਕੀਟ ਵਿਚ ਸਰਕਾਰੀ ਸਕੂਲ ਤੇ ਨਵੇਂ ਬਣੇ ਬੱਸ ਅੱਡੇ ਕੋਲ ਦਿੱਤਾ ਜਾ ਸਕਦਾ ਹੈ। ਇਸ ਨਾਲ ਪੁਲ਼ ਵਾਲੇ ਲਾਂਘੇ ਤੇ ਆਈਟੀਆਈ ਚੌਕ ਉਪਰ ਟ੍ਰੈਫਿਕ ਦਾ ਬੋਝ ਘੱਟ ਕੇ ਜਾਮ ਦੀ ਸਥਿਤੀ ਕੁੱਝ ਨਾ ਕੁੱਝ ਜ਼ਰੂਰ ਸੁਧਰ ਸਕਦੀ ਹੈ। ਆਮ ਸ਼ਹਿਰੀਆਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਉਕਤ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਇੱਥੇ ਕਿਸੇ ਦਿਨ ਜਾਮ ਕਾਰਨ ਕਿਸੇ ਮਰੀਜ਼ ਦੇ ਸੰਭਾਵੀ ਨੁਕਸਾਨ ਤੇ ਆਪਸੀ ਝਗੜੇ ਆਦਿ ਤੋਂ ਵੱਡਾ ਬਚਾਅ ਹੋ ਸਕਦਾ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇੱਥੇ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਬਾਕਸ : ਪੁਲ਼ ਵਾਲਾ ਲਾਂਘਾਂ ਚੌੜਾ ਕਰਨਾ ਮੁਸ਼ਕਲ : ਟੋਲ ਪਲਾਜ਼ਾ ਅਧਿਕਾਰੀ : ਇਸ ਸਬੰਧੀ ਸੰਪਰਕ ਕਰਨ ਉੱਤੇ ਟੋਲ ਪਲਾਜ਼ਾ ਅਧਿਕਾਰੀ ਇਕਬਾਲ ਸਿੰਘ ਨੇ ਕਿਹਾ ਕਿ ਲਾਲੜੂ ਮੰਡੀ ਵਿਚਲੇ ਪੁਲ਼ ਵਾਲਾ ਲਾਂਘਾਂ ਤਾਂ ਚੌੜਾ ਜਾਂ ਡਬਲ ਕਰਨਾ ਮੁਸ਼ਕਲ ਹੈ, ਕਿਉਂਕਿ ਪੁਲ਼ ਡਿਜ਼ਾਈਨ ਨਾਲ ਬਣੇ ਹੁੰਦੇ ਹਨ ਤੇ ਪੁਲ਼ ਨਾਲ ਛੇੜਛਾੜ ਪੁਲ਼ ਨੂੰ ਕਮਜ਼ੋਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਆਈਟੀਆਈ ਚੌਕ ਕੋਲ ਵੀ ਪੁਲ਼ ਬਣਾਉਣ ਵਿਚ ਜਗ੍ਹਾ ਸਮੇਤ ਹੋਰ ਤਕਨੀਕੀ ਦਿੱਕਤਾਂ ਹਨ, ਜਦਕਿ ਜੇਕਰ ਇਲਾਕਾ ਵਾਸੀ ਸਰਵਿਸ ਰੋਡ ਦੀ ਚੌੜਾਈ ਵਧਵਾਉਣਾ ਚਾਹੁੰਦੇ ਹਨ ਤਾਂ ਇਸ ਬਾਬਤ ਉੱਚ ਅਧਿਕਾਰੀਆਂ ਨੂੰ ਜਾਣੂ ਜ਼ਰੂਰ ਕਰਵਾਇਆ ਜਾ ਸਕਦਾ ਹੈ। ਬਾਕਸ : ਗੱਲਬਾਤ ਕਰ ਕੇ ਸਮੱਸਿਆ ਦਾ ਹੱਲ ਕੱਢਾਂਗੇ : ਐੱਸਡੀਐੱਮ ਦੂਜੇ ਪਾਸੇ ਜਦੋਂ ਇਸ ਸਬੰਧੀ ਐੱਸਡੀਐੱਮ ਡੇਰਾਬੱਸੀ ਅਮਿਤ ਕੁਮਾਰ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲਾਲੜੂ ਵਾਸੀਆਂ ਦੀ ਇਸ ਸਮੱਸਿਆ ਬਾਬਤ ਐੱਨਐੱਚਏਆਈ ਦੇ ਫੀਲਡ ਨਾਲ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਸ ਮਸਲੇ ਦਾ ਕੋਈ ਨਾ ਕੋਈ ਠੋਸ ਹੱਲ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਵਾਉਣਗੇ।