ਸੀਜੀਸੀ ਯੂਨੀਵਰਸਿਟੀ ਵਿਚ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਸ਼ਾਨਦਾਰ ਆਗਾਜ਼
ਸੀਜੀਸੀ ਯੂਨੀਵਰਸਿਟੀ ਵਿਚ ਤੀਜੀ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਸ਼ਾਨਦਾਰ ਆਯੋਜਨ,
Publish Date: Mon, 01 Jun 2026 08:48 PM (IST)
Updated Date: Mon, 01 Jun 2026 09:13 PM (IST)

- ਵੱਖ-ਵੱਖ ਦੇਸ਼ਾਂ ਦੇ ਸਿੱਖਿਆ ਸ਼ਾਸਤਰੀਆਂ ਅਤੇ ਖੋਜਾਰਥੀਆਂ ਨੇ ਲਿਆ ਹਿੱਸਾ ਪੰਜਾਬੀ ਜਾਗਰਣ ਰਿਪੋਰਟਰ, ਮੁਹਾਲੀ : ਖੋਜ, ਨਵੀਨਤਾ ਅਤੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਹੁਲਾਰਾ ਦੇਣ ਦੇ ਆਪਣੇ ਸੰਕਲਪ ਦੁਹਰਾਉਂਦੇ ਹੋਏ, ਸੀਜੀਸੀ ਯੂਨੀਵਰਸਿਟੀ, ਮੁਹਾਲੀ ਵੱਲੋਂ ‘ਰੀਸੈਂਟ ਐਡਵਾਂਸਮੈਂਟਸ ਇਨ ਕਮਿਊਨੀਕੇਸ਼ਨ, ਕੰਪਿਊਟਿੰਗ ਐਂਡ ਆਰਟੀਫੀਸ਼ੀਅਲ ਇੰਟੈਲੀਜੈਂਸ’ ਵਿਸ਼ੇ ’ਤੇ ਤੀਜੀ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਸਫ਼ਲਤਾਪੂਰਵਕ ਕਰਵਾਈ ਗਈ। ਇਸ ਕਾਨਫ਼ਰੰਸ ਨੇ ਸੰਚਾਰ, ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿਚ ਉੱਭਰ ਰਹੀਆਂ ਤਕਨੀਕਾਂ ’ਤੇ ਵਿਚਾਰ-ਵਟਾਂਦਰਾ ਕਰਨ ਲਈ ਵਿਸ਼ਵ ਭਰ ਦੇ ਉੱਘੇ ਸ਼ਾਸਤਰੀਆਂ, ਵਿਗਿਆਨੀਆਂ, ਉਦਯੋਗਿਕ ਮਾਹਰਾਂ ਅਤੇ ਖੋਜਾਰਥੀਆਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕੀਤਾ। ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿਚ ਅਕਾਦਮਿਕ ਅਤੇ ਉਦਯੋਗ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰੋ. ਡਾ. ਭੋਲਾ ਰਾਮ ਗੁਰਜਰ ਵਾਈਸ ਚਾਂਸਲਰ ਅਤੇ ਡਾਇਰੈਕਟਰ ਨੀਟਰ ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਪ੍ਰੋ. ਡਾ. ਐੱਮਐੱਨ ਹੁੱਡਾ ਆਈਈਈਈ ਚੇਅਰਪਰਸਨ ਅਤੇ ਡਾਇਰੈਕਟਰ, ਭਾਰਤੀ ਵਿੱਦਿਆ-ਪੀਠ ਅਤੇ ਪ੍ਰੋ. ਰਾਜੇਸ਼ ਕੁਮਾਰ ਦੂਬੇ ਡਾਇਰੈਕਟਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਪ੍ਰੋ. ਡਾ. ਮਨਿੰਦਰ ਸਿੰਘ ਥਾਪਰ ਇੰਸਟੀਚਿਊਟ, ਪਟਿਆਲਾ, ਡਾ. ਅਰੁਣ ਕੁਮਾਰ ਸਿੰਘ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਅਤੇ ਥਾਈਲੈਂਡ ਦੀ ਵਾਲੈਲਕ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਬੁਖੋਰੀ ਸਾਓਹ ਨੇ ਐਡਵਾਂਸਡ ਕੰਪਿਊਟਿੰਗ ਅਤੇ ਏਆਈ ਦੇ ਬਦਲਦੇ ਸਰੂਪ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਹ ਕਾਨਫ਼ਰੰਸ ਸੀਜੀਸੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਵਿਨੈ ਗੋਇਲ ਦੀ ਦੂਰਅੰਦੇਸ਼ੀ ਅਗਵਾਈ ਹੇਠ ਅਤੇ ਡਾ. ਸੱਜਣ ਸਿੰਘ ਪ੍ਰਿੰਸੀਪਲ ਸੀਸੀਈ ਅਤੇ ਕਾਨਫ਼ਰੰਸ ਚੇਅਰ ਦੀ ਦੇਖ-ਰੇਖ ਵਿਚ ਕਰਵਾਈ ਗਈ। ਇਸ ਕਾਨਫ਼ਰੰਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ, ਇੰਟਰਨੈੱਟ ਆਫ਼ ਥਿੰਗਜ਼, ਸਾਈਬਰ ਸੁਰੱਖਿਆ, ਇੰਟੈਲੀਜੈਂਸ ਨੈੱਟਵਰਕ ਅਤੇ ਆਟੋਮੇਸ਼ਨ ਜਿਹੇ ਵਿਸ਼ੇ ਚਰਚਾ ਦਾ ਵਿਸ਼ਾ ਰਹੇ। ਇਸ ਦੌਰਾਨ ਡਾ. ਬਬਨ ਕੁਮਾਰ ਬਾਂਸੋਦ (ਮੁੱਖ ਵਿਗਿਆਨੀ, ਸੀਐੱਸਆਈਆਰ ਚੰਡੀਗੜ੍ਹ ਅਤੇ ਡਾ. ਆਯੂਸ਼ ਸ੍ਰੀਵਾਸਤਵ ਨੇ ਭਵਿੱਖ ਦੇ ਉਦਯੋਗਾਂ ਨਵਾਂ ਰੂਪ ਦੇਣ ਵਿਚ ਏਆਈ ਦੀ ਭੂਮਿਕਾ ਤੇ ਚਾਨਣਾ ਪਾਇਆ। ਕਾਨਫ਼ਰੰਸ ਦੇ ਸਮਾਪਤੀ ਸੈਸ਼ਨ ਵਿਚ ਜਾਮੀਆ ਮਾਲੀਆ ਇਸਲਾਮੀਆ, ਨਵੀਂ ਦਿੱਲੀ ਦੇ ਪ੍ਰੋ. ਡਾ. ਅਬਦੁਲ ਕਯੂਮ ਅੰਸਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਲੋਬਲ ਚੁਨੌਤੀਆਂ ਦੇ ਹੱਲ ਲਈ ਅਜਿਹੇ ਅੰਤਰ-ਅਨੁਸ਼ਾਸਨੀ ਖੋਜ ਮੰਚ ਬਹੁਤ ਜ਼ਰੂਰੀ ਹਨ। ਇਸ ਮੌਕੇ ਮੈਨੇਜਮੈਂਟ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ, ਖੋਜਾਰਥੀਆਂ, ਰਿਵਿਊਅਰਾਂ ਅਤੇ ਵਿਦਿਆਰਥੀ ਵਲੰਟੀਅਰਾਂ ਦਾ ਸਮਾਗਮ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ ਗਿਆ।