- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਸੀਨੀਅਰ ਲੀਡਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ) ਵਿੱਚ ਵਾਪਰੀ ਜਬਰ ਜਨਾਹ ਦੀ ਘਟਨਾ ਨੂੰ ਸਿੱਖ ਕੌਮ ਅਤੇ ਪੰਥ ਲਈ ਅਤਿ ਮੰਦਭਾਗਾ ਅਤੇ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ।

ਪੰਜਾਬੀ ਜਾਗਰਣ ਬਿੳੂਰੋ, ਚੰਡੀਗੜ੍ਹ: ਅਕਾਲੀ ਦਲ "ਵਾਰਿਸ ਪੰਜਾਬ ਦੇ" ਦੇ ਸੀਨੀਅਰ ਲੀਡਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਸਰਾਵਾਂ ) ਵਿੱਚ ਵਾਪਰੀ ਜਬਰ ਜਨਾਹ ਦੀ ਘਟਨਾ ਨੂੰ ਸਿੱਖ ਕੌਮ ਅਤੇ ਪੰਥ ਲਈ ਅਤਿ ਮੰਦਭਾਗਾ ਅਤੇ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ, ਇਸ ਘਟਨਾ ਨੇ ਸਿੱਖ ਕੌਮ ਨੂੰ ਬੇਹੱਦ ਸ਼ਰਮਿੰਦਾ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਸਾਏ ਨਗਰ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵਲੋ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਅਸਥਾਨ,ਜਿੱਥੇ ਖਾਲਸੇ ਦੀ ਸਥਾਪਨਾ ਹੋਈ, ਉਥੇ ਅਜਿਹੀ ਘਟਨਾ ਦਾ ਵਾਪਰਨਾ, ਖਾਸ ਕਰਕੇ ਐਸਜੀਪੀਸੀ ਮੈਂਬਰ ਵਲੋ ਅਜਿਹੀ ਘਟਨਾ ਨੂੰ, ਸਰਾਂਵਾਂ ਦੇ ਵਿੱਚ ਅੰਜਾਮ ਦੇਣਾ, ਹੋਰ ਵੀ ਪੀੜਾ ਦਾਇਕ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਇਸ ਘਟਨਾ ਲਈ ਜਿੱਥੇ ਐਸਜੀਪੀਸੀ ਮੈਬਰ ਅਮਰਜੀਤ ਸਿੰਘ ਚਾਵਲਾ ਤਾਂ ਦੋਸ਼ੀ ਹੈ, ਉਥੇ ਹੀ ਇਸ ਘਟਨਾ ਦੀ ਜਾਣਕਾਰੀ ਹੁੰਦੇ ਹੋਏ ਵੀ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਚੁੱਪੀ ਅਤੇ ਕੋਈ ਕਾਰਵਾਈ ਨਾ ਕਰਨਾ, ਇਸ ਤੋਂ ਵੱਡਾ ਦੋਸ਼ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਓਹਨਾ ਤੋ ਨੈਤਿਕਤਾ ਦੇ ਅਧਾਰ ਤੇ ਅਸਤੀਫੇ ਦੀ ਮੰਗ ਕੀਤੀ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਦਰਜ ਹੋਈ FIR ਸਪਸ਼ਟ ਜਿਕਰ ਹੈ ਕਿ ਪੀੜਤ ਔਰਤ ਵਲੋ ਇਹ ਮਾਮਲਾ ਐਸਜੀਪੀਸੀ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਦੇ ਨਾਲ ਹੀ ਇਯਾਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਦੀ ਚੁੱਪੀ ਨੂੰ ਵੀ ਮੰਦਭਾਗਾ ਕਰਾਰ ਦਿੱਤਾ। ਸਰਦਾਰ ਇਯਾਲੀ ਨੇ ਕਿਹਾ, ਜੇਕਰ ਕੌਮ ਦੇ ਜੱਥੇਦਾਰ ਵੀ ਚੁੱਪ ਰਹਿਣਗੇ ਤਾਂ ਸਿੱਖ ਸੰਗਤ ਨੂੰ ਜਵਾਬਦੇਹ ਕੌਣ ਹੋਵੇਗਾ। ਅੱਜ ਸਮੁੱਚਾ ਪੰਥ ਅਤੇ ਕੌਮ ਇਹਨਾ ਦੋਸ਼ਾਂ ਉਪਰ ਜਵਾਬਦੇਹੀ ਦੀ ਮੰਗ ਕਰ ਰਿਹਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਜੱਥੇਦਾਰ ਸਾਹਿਬ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੜ ਕੇ ਸਪੱਸ਼ਟ ਕਰਨਾ ਪਵੇਗਾ ਕਿ, ਓਹਨਾ ਨੂੰ ਇਸ ਮਾਮਲੇ ਦੀ ਜਾਣਕਾਰੀ ਸੀ ਜਾਂ ਨਹੀਂ।
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਇੱਕ ਮਹੀਨਾ ਪਹਿਲਾਂ ਦਰਜ ਹੋਈ FIR ਦੇ ਬਾਵਜੂਦ ਦੋਸ਼ੀ ਐਸਜੀਪੀਸੀ ਮੈਬਰ ਅਮਰਜੀਤ ਸਿੰਘ ਚਾਵਲਾ ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਪੰਜਾਬ ਸਰਕਾਰ ਪੂਰੀ ਤਰਾਂ ਜ਼ਿੰਮੇਵਾਰ ਹੈ। ਸਰਕਾਰ ਦੀ ਨਲਾਇਕੀ ਦੇ ਚਲਦੇ ਦੋਸ਼ੀ ਐਸਜੀਪੀਸੀ ਮੈਬਰ ਵਿਦੇਸ਼ ਭੱਜਣ ਵਿੱਚ ਕਾਮਯਾਬ ਰਿਹਾ।
ਮਨਪ੍ਰੀਤ ਸਿੰਘ ਇਯਾਲੀ ਨੇ ਇਹਨਾਂ ਮੰਦਭਾਗੀਆਂ ਘਟਨਾਵਾਂ ਲਈ, ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਕਰਾਰ ਦਿੱਤਾ। ਇਯਾਲੀ ਨੇ ਕਿਹਾ ਕਿ ਪਿਛਲੇ ਪੰਦਰਾਂ ਸਾਲ ਤੋਂ ਐਸਜੀਪੀਸੀ ਚੋਣਾਂ ਨਹੀਂ ਕਰਵਾਈਆਂ ਗਈਆਂ। ਜਿਸ ਦੇ ਚਲਦੇ ਮਿਆਦ ਪੁਗਾਅ ਚੁੱਕੇ ਐਸਜੀਪੀਸੀ ਮੈਂਬਰਾਂ ਨੇ ਸੰਗਤ ਪ੍ਰਤੀ, ਕੌਮ ਲਈ ਅਤੇ ਪੰਥ ਨੂੰ ਆਪਣੀ ਜਵਾਬਦੇਹੀ ਤੋ ਪੂਰੀ ਤਰਾਂ ਪਾਸਾ ਵੱਟ ਲਿਆ ਹੈ। ਇਹ ਲੋਕ ਪ੍ਰਬੰਧਾਂ ਤੇ ਪੂਰੀ ਤਰਾਂ ਨਾਲ ਕਾਬਜ ਹੋ ਚੁੱਕੇ ਹਨ। ਜਿਸ ਦੇ ਚਲਦੇ ਹੁਣ ਪਵਿੱਤਰ ਸੰਸਥਾਵਾਂ ਨੂੰ ਵੀ ਅਯਾਸ਼ੀ ਦੇ ਵੱਡੇ ਵਜੋ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ, ਕਿ ਇਸ ਘਟਨਾ ਲਈ ਹਰ ਪਹਿਲੂ ਦੀ ਨਿਰਪੱਖ ਜਾਂਚ ਹੋਵੇ। ਉਕਤ ਮਹਿਲਾ ਨੂੰ ਕਿਸ ਦੇ ਹੁਕਮਾਂ ਉਪਰ ਐਸਜੀਪੀਸੀ ਵਲੋਂ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ। ਉਸ ਮਹਿਲਾ ਨੂੰ ਕਿਸ ਹੈਸੀਅਤ ਨਾਲ ਸੇਵਾਦਾਰ, ਡਰਾਈਵਰ ਅਤੇ ਗੱਡੀਆਂ ਮੁੱਹਈਆ ਕਰਵਾਈਆਂ ਗਈਆਂ। ਐਸਜੀਪੀਸੀ ਨੇ ਕਿਸ ਫੰਡ ਵਿੱਚੋਂ ਉਸ ਮਹਿਲਾ ਨੂੰ ਪੈਸੇ ਤੱਕ ਦਿੱਤੇ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਮੰਗ ਕੀਤੀ ਕਿ, ਇਹ ਵੀ ਜਾਂਚ ਹੋਵੇ ਕਿ, ਉਸ ਮਹਿਲਾ ਨੂੰ ਕਿਸ ਸਖਸ਼ੀਅਤ ਨੂੰ ਬਦਨਾਮ ਕਰਨ ਲਈ ਵਰਤਣਾ ਸੀ। ਉਸ ਔਰਤ ਨੂੰ ਕਿਸ ਦੇ ਕਈ ਵਰਤਣਾ ਸੀ। ਇਯਾਲੀ ਨੇ ਕਿਹਾ ਕਿ, ਇਹ ਸਾਰਾ ਮਾਮਲਾ ਨਿਰਪੱਖ ਜਾਂਚ ਦਾ ਮਸਲਾ ਹੈ।