ਨਾਈਪਰ ਦੇ ਨਾਨ-ਟੀਚਿੰਗ ਮੁਲਾਜ਼ਮਾਂ ਦਾ ਧਰਨਾ 44ਵੇਂ ਦਿਨ ਵੀ ਜਾਰੀ ਨਾਈਪਰ ਦੇ ਨਾਨ-ਟੀਚਿੰਗ ਮੁਲਾਜ਼ਮਾਂ ਦਾ ਧਰਨਾ 44ਵੇਂ ਦਿਨ ਵੀ ਜਾਰੀ,
Publish Date: Wed, 14 Oct 2026 09:37 PM (IST)
Updated Date: Wed, 14 Oct 2026 09:39 PM (IST)
ਪੰਜ ਮੁਲਾਜ਼ਮ ਭੁੱਖ ਹੜਤਾਲ ’ਤੇ, ਪੀਪੀਐੱਸ ਨੀਤੀ ਜਾਰੀ ਰੱਖਣ ਦੀ ਮੰਗ ਅਮਰਜੀਤ ਸਿੰਘ, ਪੰਜਾਬੀ ਜਾਗਰਣ ਮੁਹਾਲੀ : ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਮੁਹਾਲੀ ਦੇ ਨਾਨ-ਟੀਚਿੰਗ ਮੁਲਾਜ਼ਮਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ 44ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪੰਜ ਮੁਲਾਜ਼ਮ ਭੁੱਖ ਹੜਤਾਲ ’ਤੇ ਬੈਠੇ ਹਨ, ਜਦਕਿ ਬਾਕੀ ਮੁਲਾਜ਼ਮ ਅੰਦੋਲਨ ਕਰ ਰਹੇ ਹਨ। ਮੁਲਾਜ਼ਮਾਂ ਦੀ ਮੁੱਖ ਮੰਗ ਬੋਰਡ ਆਫ਼ ਗਵਰਨਰਜ਼ (ਬੀਓਜੀ) ਵੱਲੋਂ ਪ੍ਰਵਾਨਿਤ ਪੀਪੀਐੱਸ ਤਰੱਕੀ ਨੀਤੀ ਨੂੰ ਜਾਰੀ ਰੱਖਣ ਸਬੰਧੀ ਪ੍ਰਸ਼ਾਸਨਿਕ ਹੁਕਮ ਜਾਰੀ ਕਰਨਾ ਹੈ। ਮੁਲਾਜ਼ਮਾਂ ਅਨੁਸਾਰ, ਇਸ ਮਾਮਲੇ ਨੂੰ ਹੱਲ ਕਰਨ ਲਈ ਬਣਾਈ ਗਈ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਨਾਨ-ਟੀਚਿੰਗ ਸਟਾਫ਼ ਲਈ ਤਰੱਕੀ ਦੀ ਕੋਈ ਹੋਰ ਨੀਤੀ ਉਪਲਬਧ ਨਾ ਹੋਣ ਕਾਰਨ ਨਵੀਂ ਨੀਤੀ ਲਾਗੂ ਹੋਣ ਤੱਕ ਪੀਪੀਐੱਸ ਨੂੰ ਜਾਰੀ ਰੱਖਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਕਮੇਟੀ ਨੇ ਨਾਈਪਰ ਦੇ ਡਾਇਰੈਕਟਰ ਨੂੰ ਸਬੰਧਤ ਵਿਭਾਗ ਦੇ ਸਕੱਤਰ ਨਾਲ ਬੈਠਕ ਲਈ ਸਮਾਂ ਲੈਣ ਦਾ ਸੁਝਾਅ ਵੀ ਦਿੱਤਾ ਹੈ। ਇਸ ਮੀਟਿੰਗ ਵਿਚ ਮੁਲਾਜ਼ਮ ਪੀਪੀਐੱਸ ਨੀਤੀ ਨਾਲ ਜੁੜੇ ਮੁੱਦਿਆਂ ਬਾਰੇ ਜਾਣਕਾਰੀ ਦੇਣਗੇ। ਨਾਈਪਰ ਸਟਾਫ਼ ਵੈੱਲਫੇਅਰ ਐਸੋਸੀਏਸ਼ਨ (ਐੱਨਐੱਸਡਬਲਯੂਏ) ਅਨੁਸਾਰ, 9 ਅਕਤੂਬਰ ਨੂੰ ਡਾਇਰੈਕਟਰ ਨਾਲ ਹੋਈ ਸਾਂਝੀ ਮੀਟਿੰਗ ਦੌਰਾਨ ਪੀਪੀਐੱਸ ਜਾਰੀ ਰੱਖਣ ਲਈ ਸਬੰਧਤ ਮੰਤਰਾਲੇ ਨੂੰ ਸੂਚਿਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਐਸੋਸੀਏਸ਼ਨ ਦਾ ਦੋਸ਼ ਹੈ ਕਿ ਅਜੇ ਤੱਕ ਇਸ ਸਬੰਧੀ ਕੋਈ ਰਸਮੀ ਪ੍ਰਸ਼ਾਸਨਿਕ ਹੁਕਮ ਜਾਰੀ ਨਹੀਂ ਹੋਇਆ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਹੈ ਕਿ ਪੀਪੀਐੱਸ ਨੀਤੀ ਜਾਰੀ ਰੱਖਣ ਦੇ ਹੁਕਮ ਜਾਰੀ ਹੋਣ ’ਤੇ ਉਹ ਤੁਰੰਤ ਆਪਣਾ ਸ਼ਾਂਤਮਈ ਅੰਦੋਲਨ ਖ਼ਤਮ ਕਰ ਦੇਣਗੇ।