'ਪੰਜਾਬੀ ਏਕਤਾ ਅੱਗੇ ਫੇਲ੍ਹ ਹੋਵੇਗੀ ਨਫ਼ਰਤ ਦੀ ਰਾਜਨੀਤੀ', ਭਾਜਪਾ ਦੇ ਸਿਆਸੀ ਪਲਾਨ 'ਤੇ ਪੰਨੂ ਦਾ ਪਲਟਵਾਰ; ਗਰਮਾਇਆ ਸਿਆਸੀ ਮਾਹੌਲ ਸੰਗਰੂਰ ਦੇ ਪਿੰਡ ਤੂਰ ਬੰਜਾਰਾ ’ਚ ਪਿੰਡ ਦੇ ਲਕਾਂ ਵਲੋਂ ਭਾਜਪਾ ਆਗੂਆਂ ਨੂੰ ਭਜਾ ਦੇਣ ਦੀ ਘਟਨਾ ’ਤੇ ਪੰਜਾਬ ਆਪ ਦੇ ਸੂਬਾਈ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਾਤੀ ਕਾਰਡ ਖੇਡਣ ਦੀ ਭਾਜਪਾ ਦੀ ਕੋਸ਼ਿਸ਼ ਨੂੰ ਇਕ ਵਾਰ ਮੁੜ ਜਨਤਾ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਹਰਿਆਣਾ ’ਚ ਖੇਡੀ ਗਈ ਜਾਟ-ਗ਼ੈਰ ਜਾਟ ਦੀ ਸਿਆਸਤ ਨੂੰ ਇੱਥੇ ਕਦੇ ਨਹੀਂ ਦੋਹਰਾਉਣ ਦੇਵੇਗਾ।
Publish Date: Fri, 11 Sep 2026 11:28 AM (IST)
Updated Date: Fri, 11 Sep 2026 11:30 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੰ ਗਰੂਰ ਦੇ ਪਿੰਡ ਤੂਰ ਬੰਜਾਰਾ ’ਚ ਪਿੰਡ ਦੇ ਲਕਾਂ ਵਲੋਂ ਭਾਜਪਾ ਆਗੂਆਂ ਨੂੰ ਭਜਾ ਦੇਣ ਦੀ ਘਟਨਾ ’ਤੇ ਪੰਜਾਬ ਆਪ ਦੇ ਸੂਬਾਈ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜਾਤੀ ਕਾਰਡ ਖੇਡਣ ਦੀ ਭਾਜਪਾ ਦੀ ਕੋਸ਼ਿਸ਼ ਨੂੰ ਇਕ ਵਾਰ ਮੁੜ ਜਨਤਾ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਹਰਿਆਣਾ ’ਚ ਖੇਡੀ ਗਈ ਜਾਟ-ਗ਼ੈਰ ਜਾਟ ਦੀ ਸਿਆਸਤ ਨੂੰ ਇੱਥੇ ਕਦੇ ਨਹੀਂ ਦੋਹਰਾਉਣ ਦੇਵੇਗਾ।
ਤੂਰ ਬੰਜਾਰਾ ਦੀ ਘਟਨਾ ’ਤੇ ਪੰਨੂ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਦਾ ਇਹ ਜਵਾਬ ਭਾਜਪਾ ਲਈ ਸਾਫ਼ ਸੰਦੇਸ਼ ਹੈ ਕਿ ਪੰਜਾਬ ’ਚ ਵੰਡਣ ਵਾਲੀ ਸਿਆਸਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ, ਪਰ ਇੱਥੇ ਧਰਮ, ਜਾਤੀ ਤੇ ਨਫ਼ਰਤ ਦੀਆਂ ਫ਼ਸਲਾਂ ਨਹੀਂ ਉੱਗਦੀਆਂ। ਤੂਰ ਬੰਜਾਰਾ ਤੋਂ ਪਹਿਲਾਂ ਲੋਕਾਂ ਨੇ ਕਾਂਗਰਸ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ ਤੇ ਅੱਜ ਉਨ੍ਹਾਂ ਨੇ ਭਾਜਪਾ ਨੂੰ ਵੀ ਭਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਿਆਸੀ ਫ਼ਾਇਦੇ ਲਈ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਕਾਰਿਆ ਹੈ। ਜਦੋਂ ਹਰਿਆਣਾ ’ਚ ਚੋਣਾਂ ਹੋਈਆਂ ਸਨ, ਤਾਂ ਭਾਜਪਾ ਨੇ ਜਾਟ-ਗ਼ੈਰ ਜਾਟ ਦਾ ਖੇਡ ਖੇਡਿਆ ਸੀ। ਹੁਣ ਉਹ ਪੰਜਾਬ ’ਚ ਵੀ ਉਹੀ ਖੇਡ ਖੇਡਣਾ ਚਾਹੁੰਦੇ ਹਨ। ਪਰ ਅਜਿਹਾ ਖੇਡ ਪੰਜਾਬ ’ਚ ਕਦੇ ਨਹੀਂ ਖੇਡਿਆ ਗਿਆ ਤੇ ਨਾ ਹੀ ਭਵਿੱਖ ’ਚ ਕਦੇ ਖੇਡਿਆ ਜਾਏਗਾ।
ਪੰਨੂ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਨੂੰ ਜਾਤੀ ਦੇ ਆਧਾਰ ’ਤੇ ਵੋਟ ਬੈਂਕ ’ਚ ਨਹੀਂ ਵੰਡਿਆ ਜਾ ਸਕਦਾ। ਲੋਕ ਕਿਸੇ ਵੀ ਸਿਆਸੀ ਫ਼ਾਇਦੇ ਲਈ ਜਾਤੀ ਜਾਂ ਧਰਮ ਦੇ ਨਾਂ ’ਤੇ ਸਮਾਜ ਨੂੰ ਵੰਡਣ ਦੀ ਇਜਾਜ਼ਤ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਤੂਰ ਬੰਜਾਰਾ ਤੋਂ ਜਿਹੜਾ ਸੰਦੇਸ਼ ਨਿਕਲਿਆ ਹੈ, ਉਸ ਨੂੰ ਤਿੰਨਾਂ ਰਵਾਇਤੀ ਸਿਆਸੀ ਪਾਰਟੀਆਂ- ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਸਮਝਣਾ ਚਾਹੀਦਾ ਹੈ।
ਆਪ ਦੀ ਸਿਆਸਤ ਤੇ ਵਿਰੋਧੀ ਧਿਰ ਦੀ ਸਿਆਸਤ ’ਚ ਸਾਫ਼ ਫ਼ਰਕ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਆਪ ਨੇ ਸਕੂਲਾਂ ਤੇ ਹਸਪਤਾਲਾਂ ਦੀ ਸਿਆਸਤ ਕੀਤੀ ਹੈ। ਅਸੀਂ ਨਾ ਤਾਂ ਧਰਮ ਤੇ ਜਾਤੀ ਦੀ ਸਿਆਸਤ ਕੀਤੀ ਹੈ ਤੇ ਨਾ ਹੀ ਭਵਿੱਖ ’ਚ ਕਰਾਂਗੇ। ਆਪ ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ’ਚ ਵੰਡਣ ਵਾਲੀ ਤੇ ਗੰਦੀ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਧਰਮ, ਜਾਤੀ ਤੇ ਨਫ਼ਰਤ ਦੀ ਬਜਾਏ ਸਿੱਖਿਆ, ਸਿਹਤ ਸੇਵਾ, ਵਿਕਾਸ ਤੇ ਸਮਾਜਿਕ ਭਲਾਈ ’ਤੇ ਕੇਂਦਰਿਤ ਸਿਆਸਤ ਚਾਹੁੰਦੇ ਹਨ।