ਨੌਜਵਾਨ ਆਗੂ ਪਰਮਿੰਦਰ ਗੋਲਡੀ ਨੂੰ ਲਾਇਆ ਨਵਾਂ ਹਲਕਾ ਇੰਚਾਰਜ ਖਰੜ ਵਿਚ ਸਿਆਸੀ ਸਮੀਕਰਨ ਬਦਲੇ, ਨੌਜਵਾਨ ਆਗੂ ਪਰਮਿੰਦਰ ਗੋਲਡੀ ਨੂੰ ਲਗਾਇਆ ਨਵਾਂ ਹਲਕਾ ਇੰਚਾਰਜ,
Publish Date: Wed, 02 Sep 2026 07:12 PM (IST)
Updated Date: Thu, 03 Sep 2026 04:01 AM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਆਮ ਆਦਮੀ ਪਾਰਟੀ (ਆਪ) ਵੱਲੋਂ ਨੌਜਵਾਨ ਆਗੂ ਪਰਮਿੰਦਰ ਸਿੰਘ ਗੋਲਡੀ ਨੂੰ ਖਰੜ ਦਾ ਨਵਾਂ ਹਲਕਾ ਇੰਚਾਰਜ ਥਾਪਣ ਨਾਲ ਨਵੇਂ ਸਿਆਸੀ ਸਮੀਕਰਨ ਪੈਦਾ ਹੋ ਗਏ ਹਨ। ਇਸ ਸਬੰਧੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਗੋਲਡੀ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਨਾਲ ਜਿੱਥੇ ਨੌਜਵਾਨ ਵਰਗ ਤੇ ਉਨ੍ਹਾਂ ਦੇ ਸਮਰਥਕ ਬਾਗੋਬਾਗ ਹੋ ਗਏ ਹਨ, ਉੱਥੇ ਭਗਵੰਤ ਮਾਨ ਵਜ਼ਾਰਤ ’ਚ ਕੈਬਨਿਟ ਮੰਤਰੀ ਰਹੀ ਅਨਮੋਲ ਗਗਨ ਮਾਨ ਦੇ ਖੇਮੇ ’ਚ ਸੰਨਾਟਾ ਛਾ ਗਿਆ ਗਿਆ ਹੈ। ਦੱਸ ਦਈਏ ਬੀਤੇ ਕੱਲ੍ਹ ਨਜ਼ਦੀਕੀ ਪਿੰਡ ਤੀੜੇ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਚ ਤੋਂ ਪਰਮਿੰਦਰ ਗੋਲਡੀ ਦੀ ਪਿੱਠ ਥਾਪੜੀ ਗਈ ਸੀ। ਜਦੋਂਕਿ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਗ਼ੈਰ-ਹਾਜ਼ਰ ਰਹੇ ਸਨ। ਇਸ ਤਾਜ਼ਾ ਘਟਨਾਕ੍ਰਮ ਤੋਂ ਜ਼ਾਹਰ ਹੈ ਕਿ ਹੁਣ ਅਨਮੋਲ ਗਗਨ ਮਾਨ ਦੀ ਟਿਕਟ ਕੱਟੇ ਜਾਣ ਦੀ ਸੰਭਾਵਨਾ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਗੋਲਡੀ ਜੋਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿਆਸੀ ਪਾਰਟੀ ਪੁਸੂ ਦੇ ਸਾਲ 2005 ’ਚ ਵਾਈਸ ਪ੍ਰਧਾਨ ਬਣ ਕੇ ਸਿਆਸੀ ਫਿਜ਼ਾ ’ਚ ਆਇਆ ਸੀ, ਜਿਸ ਨੇ 2006-07 ’ਚ ਪੀਯੂ ਦੀ ਪ੍ਰਧਾਨਗੀ ਜਿੱਤ ਕੇ ਆਪਣੇ ਸਿਆਸੀ ਸਫ਼ਰ ਦਾ ਆਗ਼ਾਜ਼ ਕੀਤਾ ਤੇ ਜਦੋਂ ਆਪ ਪਾਰਟੀ ਹੋਂਦ ’ਚ ਆਈ ਤਾਂ ਗੋਲਡੀ ਵੱਲੋਂ ਵਲੰਟੀਅਰ ਬਣ ਕੇ ਕੰਮ ਕੀਤਾ ਗਿਆ ਤੇ ਉਨ੍ਹਾਂ 2022 ’ਚ ਖਰੜ ਹਲਕੇ ਤੋਂ ਟਿਕਟ ਮੰਗੀ ਸੀ ਪਰ ਉਸ ਸਮੇਂ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਪਰ ਆਪ ਦੀ ਸਰਕਾਰ ਬਣਦੇ ਹੀ ਪਾਰਟੀ ਵੱਲੋਂ ਗੋਲਡੀ ਨੂੰ ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਣਾਇਆ ਗਿਆ। ਜਿਸ ਤੋਂ ਬਾਅਦ ਪਰਮਿੰਦਰ ਗੋਲਡੀ ਵੱਲੋਂ ਆਪਣੇ ਹਲਕੇ ’ਚ ਸਿਆਸੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ। ਗੋਲਡੀ ਵੱਲੋਂ ਹਲਕੇ ’ਚ ਨਿਸ਼ਕਾਮ ਸੇਵਾ ਨੂੰ ਵੇਖਦੇ ਹੋਏ ਤੇ ਕੱਲ੍ਹ ਪਿੰਡ ਤੀੜਾ ’ਚ ਗੋਲਡੀ ਵੱਲੋਂ ਕੀਤੇ ਵੱਡੇ ਇਕੱਠ ਨੇ ਉਸ ਦੇ ਕੱਦ ਨੂੰ ਸਾਰਿਆਂ ਸਾਹਮਣੇ ਲੈ ਆਉਂਦਾ, ਜਿਸ ਨੂੰ ਅੱਜ ਹਲਕਾ ਖਰੜ ਦਾ ਹਲਕਾ ਇੰਚਾਰਜ ਨਿਯੁਕਤ ਕਰ ਕੇ ਪਾਰਟੀ ਵੱਲੋਂ ਕਈ ਪਾਰਟੀਆਂ ਦੀਆਂ ਕਿਆਸਅਰਾਈਆਂ ’ਤੇ ਵਿਰਾਮ ਚਿੰਨ੍ਹ ਲੱਗਾ ਦਿੱਤਾ ਹੈ। ਇਸ ਨਿਯੁਕਤੀ ਤੋਂ ਬਾਅਦ ਪਰਮਿੰਦਰ ਗੋਲਡੀ ਨੇ ਗੱਲ ਕਰਦਿਆਂ ਇਸ ਨਿਯੁਕਤੀ ਲਈ ਪਾਰਟੀ ਹਾਈਕਮਾਂਡ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖਰੜ ਹਲਕੇ ਦੇ ਜੰਮਪਲ ਹਨ ਤੇ ਆਪਣੇ ਹਲਕੇ ਲਈ ਕੁਝ ਕਰਨ ਦੀ ਇੱਛਾ ਨਾਲ ਕੰਮ ਕਰ ਰਹੇ ਹਨ ਤੇ ਲੋਕਾਂ ਦੇ ਸਹਿਯੋਗ ਨਾਲ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ।