ਸੁਖਮਨੀ ਗਰੁੱਪ ਅੱਗੇ ਚੱਲ ਰਿਹਾ ਸੰਘਰਸ਼ ਸਮਝੌਤੇ ਨਾਲ ਹੋਇਆ ਖ਼ਤਮ ਸੁਖਮਨੀ ਗਰੁੱਪ ਅੱਗੇ ਚੱਲ ਰਿਹਾ ਸੰਘਰਸ਼ ਸਮਝੌਤੇ ਨਾਲ ਹੋਇਆ ਖ਼ਤਮ
Publish Date: Sat, 26 Sep 2026 06:53 PM (IST)
Updated Date: Sat, 26 Sep 2026 06:54 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸੁਖਮਨੀ ਗਰੁੱਪ ਅੱਗੇ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਆਖਰਕਾਰ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਜ਼ਮਹੂਰੀ ਕਿਸਾਨ ਸਭਾ ਅਤੇ ਵੱਖ-ਵੱਖ ਟਰੇਡ ਯੂਨੀਅਨਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੈ। ਜ਼ਿਕਰਯੋਗ ਹੈ ਕਿ ਸੁਖਮਨੀ ਸਕੂਲ ਮੈਨੇਜਮੈਂਟ ਵੱਲੋਂ ਛੇ ਮਹੀਨੇ ਪਹਿਲਾਂ ਆਪਣੇ 15 ਕਰਮਚਾਰੀਆਂ ਨੂੰ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੀੜਤ ਵਰਕਰਾਂ ਨੂੰ ਬਹਾਲ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰ ਮੈਨੇਜਮੈਂਟ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਤਿਆਰ ਨਹੀਂ ਸੀ। ਮਾਮਲੇ ਨੂੰ ਤੂਲ ਫੜਦਿਆਂ ਦੇਖ ਬੀਕੇਯੂ (ਲੱਖੋਵਾਲ) ਨੇ ਪਿਛਲੇ ਦੋ ਹਫ਼ਤਿਆਂ ਤੋਂ ਸੁਖਮਨੀ ਗਰੁੱਪ ਦੇ ਮੁੱਖ ਗੇਟ ਅੱਗੇ ਪੱਕਾ ਮੋਰਚਾ ਲਗਾ ਦਿੱਤਾ ਸੀ। ਇਸ ਧਰਨੇ ਦੌਰਾਨ ਬੀਕੇਯੂ ਲੱਖੋਵਾਲ ਡੇਰਾਬੱਸੀ ਵੱਲੋਂ ਰਹਿਣ ਲਈ ਟਰਾਲੀ ਅਤੇ ਲੰਗਰ ਦੀ ਸੇਵਾ ਨਿਰੰਤਰ ਨਿਭਾਈ ਗਈ। ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ ਐੱਸਡੀਐੱਮ ਡੇਰਾਬੱਸੀ ਨੇ ਦਖ਼ਲਅੰਦਾਜ਼ੀ ਕੀਤੀ। ਉਨ੍ਹਾਂ ਦੇ ਪ੍ਰਭਾਵ ਅਤੇ ਯਤਨਾਂ ਸਦਕਾ ਦੋਵਾਂ ਧਿਰਾਂ ਵਿਚਾਲੇ ਲਿਖਤੀ ਸਮਝੌਤਾ ਹੋਇਆ। ਸਮਝੌਤੇ ਤਹਿਤ ਕੱਢੇ ਗਏ ਕਰਮਚਾਰੀਆਂ ਨੂੰ ਨੌਕਰੀ ਦੇ ਬਦਲੇ 60 ਲੱਖ ਰੁਪਏ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਸੁਖਮਨੀ ਗਰੁੱਪ ਦੇ ਸਕੂਲ ਵਿਚ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ। ਇਸ ਮੌਕੇ ਸੁਖਮਨੀ ਸਕੂਲ ਦੇ ਪ੍ਰਭਾਵਿਤ ਕਰਮਚਾਰੀਆਂ ਨੇ ਐੱਸਡੀਐੱਮ ਡੇਰਾਬੱਸੀ, ਸਹਿਯੋਗੀ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬੀਕੇਯੂ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ, ਜ਼ਮਹੂਰੀ ਕਿਸਾਨ ਸਭਾ ਤੋਂ ਗੁਰਬਿੰਦਰ ਸਿੰਘ ਚੌਂਦਹੇੜੀ, ਪੰਜਾਬ ਏਟਕ ਦੇ ਸੂਬਾ ਮੀਤ ਪ੍ਰਧਾਨ ਵਿਨੋਦ ਚੁੱਘ, ਹਰੀ ਸਿੰਘ ਬਹੋੜਾ (ਕਾਰਜਕਾਰੀ ਪ੍ਰਧਾਨ), ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਝਰਮੜੀ, ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ ਹਸਨਪੁਰ, ਬਲਬੀਰ ਸਿੰਘ ਜਨੇਤਪੁਰ ਸਮੇਤ ਵੱਡੀ ਗਿਣਤੀ ’ਚ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਸਕੂਲ ਕਰਮਚਾਰੀਆਂ ਵਿਚੋਂ ਕੰਵਲਜੀਤ ਸਿੰਘ, ਬਲਜੀਤ ਸਿੰਘ, ਮਨਦੀਪ ਸਿੰਘ, ਸਰਬਣ ਸਿੰਘ ਅਤੇ ਹਰਬੰਸ ਕੌਰ ਨੇ ਸਾਰੀਆਂ ਜਥੇਬੰਦੀਆਂ ਦਾ ਆਭਾਰ ਪ੍ਰਗਟਾਇਆ।