ਖਰੜ ਵਿਚ ਰਾਮ ਨਾਮ ਦੀ ਗੂੰਜ, ਸ਼ੋਭਾ ਯਾਤਰਾ ਨੇ ਬੰਨ੍ਹਿਆ ਧਾਰਮਿਕ ਰੰਗ, ਖਰੜ ਵਿਚ ਰਾਮ ਨਾਮ ਦੀ ਗੂੰਜ, ਸ਼ੋਭਾ ਯਾਤਰਾ ਨੇ ਬੰਨ੍ਹਿਆ ਧਾਰਮਿਕ ਰੰਗ,
Publish Date: Sun, 06 Sep 2026 09:29 PM (IST)
Updated Date: Mon, 07 Sep 2026 04:05 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼੍ਰੀ ਰਾਮ ਕਥਾ ਸਮਾਗਮ ਨੂੰ ਲੈ ਕੇ ਖਰੜ ਸ਼ਹਿਰ ਵਿਚ ਐਤਵਾਰ ਨੂੰ ਧਾਰਮਿਕ ਉਤਸ਼ਾਹ ਦਾ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ। ਆਰੀਆ ਸਮਾਜ ਖਰੜ ਵੱਲੋਂ ਆਯੋਜਿਤ ਕੀਤੀ ਗਈ ਸ਼ੋਭਾ ਯਾਤਰਾ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਭਗਤੀਮਈ ਮਾਹੌਲ ਸਿਰਜ ਦਿੱਤਾ। ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਾਮਲ ਹੋ ਕੇ ਭਗਵਾਨ ਸ਼੍ਰੀ ਰਾਮ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸ਼ੋਭਾ ਯਾਤਰਾ ਸ੍ਰੀ ਰਾਮ ਭਵਨ ਤੋਂ ਰਵਾਨਾ ਹੋਈ ਅਤੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਰਸਤਿਆਂ ਵਿਚੋਂ ਹੁੰਦੀ ਹੋਈ ਮੁੜ ਉਸੇ ਸਥਾਨ ’ਤੇ ਪਹੁੰਚੀ। ਯਾਤਰਾ ਦੌਰਾਨ ਸਜਾਏ ਗਏ ਰੱਥ, ਧਾਰਮਿਕ ਝਾਕੀਆਂ, ਘੋੜੇ ਅਤੇ ਨਾਸਿਕ ਬੈਂਡ ਲੋਕਾਂ ਲਈ ਖ਼ਾਸ ਖਿੱਚ ਦਾ ਕੇਂਦਰ ਰਹੇ। ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਗੂੰਜਦਾ ਰਿਹਾ। ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਟੈਗੋਰ ਨਿਕੇਤਨ ਸਕੂਲ ਦੇ ਵਿਦਿਆਰਥੀਆਂ ਨੇ ਵੀ ਯਾਤਰਾ ਵਿਚ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਿਕ ਏਕਤਾ ਦੀ ਝਲਕ ਵੀ ਦੇਖਣ ਨੂੰ ਮਿਲੀ। ਆਰੀਆ ਸਮਾਜ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਗੁਪਤਾ ਅਤੇ ਸੁਭਾਸ਼ ਅਗਰਵਾਲ ਨੇ ਦੱਸਿਆ ਕਿ 7 ਤੋਂ 13 ਸਤੰਬਰ ਤੱਕ ਸ੍ਰੀ ਰਾਮ ਭਵਨ ਵਿਖੇ ਵਿਸ਼ਾਲ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਪ੍ਰਸਿੱਧ ਕਥਾਵਾਚਕ ਵਿਦੂਸ਼ੀ ਅੰਜਲੀ ਆਰੀਆ ਰੋਜ਼ਾਨਾ ਕਥਾ ਰਾਹੀਂ ਸੰਗਤ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਆਖ਼ਰੀ ਦਿਨ 13 ਸਤੰਬਰ ਨੂੰ ਮਹਾਰਾਜਾ ਅੱਜ ਸਰੋਵਰ ਪਰਿਸਰ ਵਿਖੇ 1,11,111 ਦੀਵਿਆਂ ਦੀ ਵਿਸ਼ਾਲ ਦੀਪਮਾਲਾ ਕੀਤੀ ਜਾਵੇਗੀ, ਜੋ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਹੋਵੇਗੀ। ਸ਼ੋਭਾ ਯਾਤਰਾ ਵਿਚ ਭਾਜਪਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਣਜੀਤ ਸਿੰਘ ਗਿੱਲ, ਵੀਨੀਤ ਜੋਸ਼ੀ ਸਮੇਤ ਕਈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।