ਜ਼ਮੀਨਾਂ ਐਕਵਾਇਰ ਕਰਨ ਦਾ ਮਾਮਲਾ, ਪੁੱਡਾ ਭਵਨ ਦੇ ਬਾਹਰ ਕਿਸਾਨਾਂ ਦਾ ਧਰਨਾ ਜਾਰੀ
ਜ਼ਮੀਨਾਂ ਐਕੁਆਇਰ ਕਰਨ ਦਾ ਮਾਮਲਾ, ਪੁੱਡਾ ਭਵਨ ਦੇ ਬਾਹਰ ਕਿਸਾਨਾਂ ਦਾ ਧਰਨਾ ਜਾਰੀ
Publish Date: Mon, 30 Mar 2026 07:42 PM (IST)
Updated Date: Mon, 30 Mar 2026 07:45 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਏਅਰੋਟ੍ਰੋਪੋਲਿਸ ਦੀਆਂ ਵੱਖ-ਵੱਖ ਪਾਕਿਟਾਂ ਅਤੇ ਹੋਰ ਵਿਸਥਾਰ ਲਈ ਅੱਠ ਪਿੰਡਾਂ ਦੀ 3550 ਤੋਂ ਵੱਧ ਏਕੜ ਜ਼ਮੀਨ ਨੂੰ ਐਕਵਾਇਰ ਕਰਨ ਅਤੇ ਹੋਰਨਾਂ ਪਿੰਡਾਂ ਦੀ ਕਰੀਬ ਤਿੰਨ ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਖ਼ਿਲਾਫ਼ ਕਿਸਾਨਾਂ ਦਾ ਪੁੱਡਾ ਭਵਨ ਦੇ ਬਾਹਰ ਸੋਮਵਾਰ ਨੂੰ ਵੀ ਲੜੀਵਾਰ ਧਰਨਾ ਜਾਰੀ ਰਿਹਾ। ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜ਼ਮੀਨਾਂ ਦਾ ਉਜਾੜਾ ਰੋਕਣ ਲਈ ਸੋਮਵਾਰ ਨੂੰ ਪਿੰਡ ਸਿਆਊ ਅਤੇ ਮਟਰਾਂ ਦੇ ਕਿਸਾਨ ਜਿਨ੍ਹਾਂ ਵਿਚ ਪਿੰਡ ਸੇਖਨ ਮਾਜਰਾ ਦੇ ਕਿਸਾਨ ਜਸਪਾਲ ਸਿੰਘ, ਹਰਜੀਤ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਸਿੰਘ ਅਤੇ ਬਲਵੀਰ ਸਿੰਘ ਭੁੱਖ ਹੜਤਾਲ ’ਤੇ ਬੈਠੇ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਗੁਰਵਿੰਦਰ ਸਿੰਘ ਸਿਆਊ, ਹਰਜੀਤ ਸਿੰਘ, ਲਖਵਿੰਦਰ ਸਿੰਘ ਸਰਪੰਚ ਕਰਾਲਾ ਅਤੇ ਪਿੰਡ ਮਟਰਾਂ ਤੋਂ ਨਿਰਮਲ ਸਿੰਘ, ਗਰਮੇਲ ਸਿੰਘ ਮਟਰਾਂ, ਮੇਜਰ ਸਿੰਘ ਮਟਰਾਂ, ਮਲਕੀਤ ਸਿੰਘ ਜਸਵੰਤ ਸਿੰਘ ਤੇ ਨਿਰਮਲ ਸਿੰਘ ਬਾਕਰਪੁਰ ਅਤੇ ਗੁਰਜਿੰਦਰ ਸਿੰਘ, ਨਵਾਬ ਸਿੰਘ ਸਿਆਊ, ਲਖਵੀਰ ਸਿੰਘ ਸਿਆਊ, ਰੁਪਿੰਦਰ ਸਿੰਘ, ਗਰੁਜੱਟ ਸਿੰਘ ਅਤੇ ਰਜਿੰਦਰ ਸਿੰਘ ਸਰਪੰਚ ਸਿਆਊ ਅਤੇ ਗੁਰਪ੍ਰਤਾਪ ਸਿੰਘ ਬੜੀ ਤੇ ਕਰਮਜੀਤ ਸਿੰਘ ਕੰਮਾਂ ਬੜੀ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਸੂਬਾ ਸਰਕਾਰ ਅਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ’ਤੇ ਐਕਵਾਇਰ ਨਹੀਂ ਕਰਨ ਦੇਣਗੇ ਅਤੇ ਗਮਾਡਾ ਖ਼ਿਲਾਫ਼ ਆਰ-ਪਾਰ ਦੀ ਲੜਾਈ ਜਾਰੀ ਰਹੇਗੀ। ਕਿਸਾਨਾਂ ਨੇ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ। ਇਕ ਪਾਸੇ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨਾਂ ਐਕਵਾਇਰ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ, ਦੂਜੇ ਪਾਸੇ ਕੌਡੀਆਂ ਦੇ ਭਾਅ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਕਸੁਰ ਵਿਚ ਆਖਿਆ ਕਿ ਸਰਕਾਰ ਅੰਨਦਾਤਾ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ।