ਕਰੋੜਾਂ ਖ਼ਰਚ ਕੇ ਬਣੇ ਫੁੱਟਓਵਰਬ੍ਰਿਜ ਦੀ ਲਿਫ਼ਟ ਲੰਮੇ ਸਮੇਂ ਤੋਂ ਬੰਦ ਕਰੋੜਾਂ ਖ਼ਰਚ ਕੇ ਬਣੇ ਫੁੱਟਓਵਰਬ੍ਰਿਜ ਦੀ ਲਿਫ਼ਟ ਲੰਮੇ ਸਮੇਂ ਤੋਂ ਬੰਦ,
Publish Date: Sun, 20 Sep 2026 09:29 PM (IST)
Updated Date: Mon, 21 Sep 2026 04:14 AM (IST)
ਬਜ਼ੁਰਗਾਂ ਤੇ ਦਿਵਿਆਂਗਾਂ ਦੀਆਂ ਵਧੀਆਂ ਮੁਸ਼ਕਲਾਂ ਅਣਪਛਾਤੇ ਚੋਰ ਦੋ ਵਾਰ ਉਡਾ ਕੇ ਲੈ ਗਏ ਲੱਖਾਂ ਰੁਪਏ ਦਾ ਸਾਮਾਨ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ-ਅੰਬਾਲਾ ਮੁੱਖ ਮਾਰਗ ਤੇ ਮੈਟਰੋ ਅਤੇ ਮੈਕਡੀ ਦੇ ਨੇੜੇ ਲੰਘਣ ਵਾਲੇ ਰਾਹਗੀਰਾਂ ਦੀ ਸਹੂਲਤ ਲਈ ਬਣਾਏ ਗਏ ਫੁੱਟਓਵਰਬ੍ਰਿਜ ਤੇ ਲਗਾਈ ਗਈ ਲਿਫ਼ਟ ਸਥਾਪਤ ਹੋਣ ਦੇ ਬਾਵਜੂਦ ਵੀ ਧੂੜ ਫੱਕ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਲਿਫ਼ਟ ਨੂੰ ਲਗਾਏ ਜਾਣ ਤੋਂ ਬਾਅਦ ਅਜੇ ਤੱਕ ਇਕ ਵਾਰ ਵੀ ਆਮ ਲੋਕਾਂ ਲਈ ਸ਼ੁਰੂ ਨਹੀਂ ਕੀਤਾ ਜਾ ਸਕਿਆ। ਨਤੀਜੇ ਵਜੋਂ, ਹਾਈਵੇ ਪਾਰ ਕਰਨ ਵਾਲੇ ਬਜ਼ੁਰਗਾਂ, ਮਹਿਲਾਵਾਂ ਅਤੇ ਦਿਵਿਆਂਗਾਂ ਨੂੰ ਮਜਬੂਰਨ ਉੱਚੀਆਂ ਪੌੜ੍ਹੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਬਾਕਸ-- ਲਿਫ਼ਟ ਦੇ ਕੀਮਤੀ ਉਪਕਰਨਾਂ ਦੀ ਦੋ ਵਾਰ ਹੋ ਚੁੱਕੀ ਹੈ ਚੋਰੀ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਅਨੁਸਾਰ, ਲਿਫ਼ਟ ਦੇ ਖੁੱਲ੍ਹੇ ਚ ਲੱਗੇ ਉਪਕਰਨ ਚੋਰਾਂ ਲਈ ਆਸਾਨ ਨਿਸ਼ਾਨਾ ਬਣੇ ਹੋਏ ਹਨ। ਚੋਰਾਂ ਨੇ ਪਹਿਲੀ ਵਾਰ ਲਗਭਗ 2 ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ ਅਤੇ ਦੂਜੀ ਵਾਰ ਚ ਪ੍ਰਮੁੱਖ ਹਿੱਸੇ ਉਖਾੜ ਕੇ ਕਰੀਬ 5 ਲੱਖ ਰੁਪਏ ਦਾ ਭਾਰੀ ਨੁਕਸਾਨ ਪਹੁੰਚਾਇਆ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਤੱਕ ਸੁਰੱਖਿਆ ਪ੍ਰਬੰਧ ਪੁਖ਼ਤਾ ਨਹੀਂ ਹੁੰਦੇ, ਲਿਫ਼ਟ ਨੂੰ ਮੁੜ ਚਾਲੂ ਕਰਨਾ ਸੰਭਵ ਨਹੀਂ ਹੈ। ਬਾਕਸ ਐੱਨਐੱਚਏਆਈ ਵੱਲੋਂ ਹੈਂਡਓਵਰ ਦੀ ਪ੍ਰਕਿਰਿਆ ਅਧੂਰੀ : ਲਿਫ਼ਟ ਬੰਦ ਰਹਿਣ ਦੇ ਪਿੱਛੇ ਪ੍ਰਸ਼ਾਸਨਿਕ ਢਿੱਲ ਵੀ ਵੱਡਾ ਕਾਰਨ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਅਜੇ ਤੱਕ ਇਸ ਫੁੱਟਓਵਰਬ੍ਰਿਜ ਨੂੰ ਕੰਪਨੀ ਤੋਂ ਰਸਮੀ ਤੌਰ ਤੇ ਆਪਣੇ ਹੱਥਾਂ ਵਿਚ (ਹੈਂਡਓਵਰ) ਨਹੀਂ ਲਿਆ ਹੈ। ਕੰਪਨੀ ਅਧਿਕਾਰੀਆਂ ਮੁਤਾਬਕ ਸੋਮਵਾਰ ਨੂੰ ਐੱਨਐੱਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਨਾਲ ਮੁਲਾਕਾਤ ਕਰਕੇ ਚੋਰੀ ਦੀਆਂ ਘਟਨਾਵਾਂ, ਹੈਂਡਓਵਰ ਦੀ ਪ੍ਰਕਿਰਿਆ ਅਤੇ ਸੁਰੱਖਿਆ ਦੇ ਮੁੱਦੇ ਤੇ ਚਰਚਾ ਕੀਤੀ ਜਾਵੇਗੀ। ਕੰਪਨੀ ਅਧਿਕਾਰੀਆਂ ਅਨੁਸਾਰ ਲਿਫ਼ਟ ਨੂੰ ਨਿਰੰਤਰ ਚਲਾਉਣ ਲਈ ਸਿਰਫ਼ ਮਸ਼ੀਨ ਲਗਾਉਣਾ ਹੀ ਕਾਫ਼ੀ ਨਹੀਂ ਹੈ। ਇਕ ਫੁੱਟਓਵਰਬ੍ਰਿਜ ਤੇ ਦਿਨ-ਰਾਤ ਦੀ ਨਿਗਰਾਨੀ, ਸੰਚਾਲਨ ਅਤੇ ਸੁਰੱਖਿਆ ਲਈ ਘੱਟੋ-ਘੱਟ 6 ਸਟਾਫ਼ ਕਰਮਚਾਰੀਆਂ ਦੀ ਤੈਨਾਤੀ ਜ਼ਰੂਰੀ ਹੈ, ਤਾਂ ਜੋ ਰਾਤ ਸਮੇਂ ਲਿਫ਼ਟ ਦੇ ਕੀਮਤੀ ਸਾਮਾਨ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ। ਹਾਈਵੇ ਤੇ ਤੇਜ਼ ਰਫ਼ਤਾਰ ਵਾਹਨਾਂ ਕਾਰਨ ਪੈਦਲ ਰਸਤਾ ਪਾਰ ਕਰਨਾ ਬੇਹੱਦ ਖ਼ਤਰਨਾਕ ਹੁੰਦਾ ਹੈ। ਲੱਖਾਂ ਰੁਪਏ ਖ਼ਰਚ ਕੇ ਫੁੱਟਓਵਰਬ੍ਰਿਜ ਅਤੇ ਲਿਫ਼ਟ ਤਾਂ ਬਣਾ ਦਿੱਤੀ ਗਈ, ਪਰ ਸੁਰੱਖਿਆ ਅਤੇ ਪ੍ਰਸ਼ਾਸਨਿਕ ਤਾਲਮੇਲ ਦੀ ਘਾਟ ਕਾਰਨ ਇਹ ਸੁਵਿਧਾ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਸੋਮਵਾਰ ਨੂੰ ਹੋਣ ਵਾਲੀ ਉੱਚ-ਪੱਧਰੀ ਬੈਠਕ ਤੇ ਟਿਕੀਆਂ ਹਨ ਕਿ ਐੱਨਐੱਚਏਆਈ ਕਦੋਂ ਤੱਕ ਇਸ ਦਾ ਹੈਂਡਓਵਰ ਲੈਂਦੀ ਹੈ ਅਤੇ ਲਿਫ਼ਟ ਆਮ ਜਨਤਾ ਲਈ ਕਦੋਂ ਚਾਲੂ ਹੁੰਦੀ ਹੈ।