ਵਿਧਾਨ ਸਭਾ 'ਚ ਗੂੰਜਿਆ ਮੁਹਾਲੀ ਏਅਰਪੋਰਟ ਸੜਕ ’ਤੇ ਕੂਹਣੀ ਮੋੜ ਦਾ ਮਾਮਲਾ ਵਿਧਾਨ ਸਭਾ 'ਚ ਗੂੰਜਿਆ ਮੁਹਾਲੀ ਏਅਰਪੋਰਟ ਸੜਕ ’ਤੇ ਕੂਹਣੀ ਮੋੜ ਦਾ ਮਾਮਲਾ,
Publish Date: Mon, 03 Aug 2026 07:57 PM (IST)
Updated Date: Tue, 04 Aug 2026 04:05 AM (IST)
ਮੰਤਰੀ ਨੂੰ ਗੱਲ ਨਾ ਔੜੀ, ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਨੇੜੇ ਹੁੰਦੇ ਵਾਪਰਦੇ ਹਾਦਸਿਆਂ ਨੂੰ ਰੋਕਣ ਦਾ ਪੱਕਾ ਹੱਲ ਕਰੇ ਸਰਕਾਰ ਪੁੱਡਾ ਮੰਤਰੀ ਹਰਮੀਤ ਸਿੰਘ ਮੁੰਡੀਆਂ ਨਹੀਂ ਦੇ ਸਕੇ ਤਸੱਲੀਬਖ਼ਸ਼ ਜਵਾਬ, ਵਿਧਾਇਕ ਨੇ ਵਾਰ-ਵਾਰ ਘੇਰਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਮੌਨਸੂਨ ਸ਼ੈਸਨ ਦੇ ਪਹਿਲੇ ਹੀ ਦਿਨ ਮੁਹਾਲੀ ਏਅਰਪੋਰਟ ’ਤੇ ਕੂਹਣੀ ਮੋੜ ਦਾ ਮੁੱਦਾ ਚੁੱਕਿਆ ਤੇ ਬਦਲਵੇਂ ਪ੍ਰਬੰਧਾਂ ਲਈ ਪੰਜਾਬ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ (ਪੁੱਡਾ) ਮੰਤਰੀ ਹਰਮੀਤ ਸਿੰਘ ਮੁੰਡੀਆਂ ਨੂੰ ਸਵਾਲ ਪੁੱਛੇ ਗਏ, ਵਿਧਾਇਕ ਵਾਰ-ਵਾਰ ਗੱਲ ਕਿਸੇ ਤਣ-ਪੱਤਣ ਲਾਉਣ ਬਾਰੇ ਪੁੱਛਦੇ ਰਹੇ ਪਰ ਮੰਤਰੀ ਨੂੰ ਕੋਈ ਗੱਲ ਨਾ ਔੜੀ। ਇਸ ਸੜਕ ਨੂੰ ਨਾ ਸਿਰਫ਼ ਮੁਹਾਲੀ, ਸਗੋਂ ਪੂਰੇ ਪੰਜਾਬ ਦੀ ਆਰਥਿਕ ਤੇ ਆਵਾਜਾਈ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ। ਸਦਨ ਵਿਚ ਧਿਆਨ ਦਿਵਾਉਂਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਮੁੱਖ ਮਾਰਗ ’ਤੇ ਸੈਕਟਰ-70 ਵਾਲੇ ਪਾਸੇ ਗੁਰਦੁਆਰਾ ਮਾਤਾ ਸੁੰਦਰੀ ਜੀ ਸਥਿਤ ਹੈ। ਗੁਰੂਘਰ ਦਾ ਮੁੱਖ ਗੇਟ ਸੜਕ ਦੇ ਵਿਚਕਾਰ ਹੋਣ ਕਰ ਕੇ ਉੱਥੇ ਇਕ ਬਹੁਤ ਹੀ ਖ਼ਤਰਨਾਕ ਤੇ ਕੂਹਣੀ ਮੋੜ (ਖ਼ੂਨੀ ਮੋੜ) ਬਣਿਆ ਹੋਇਆ ਹੈ। ਇਸ ਅੰਧੇ ਮੋੜ ਕਾਰਨ ਇੱਥੇ ਰੋਜ਼ਾਨਾ ਭਿਆਨਕ ਸੜਕ ਹਾਦਸੇ ਵਾਪਰਦੇ ਹਨ। ਹੁਣ ਤੱਕ ਇੱਥੇ ਸੈਂਕੜੇ ਹਾਦਸੇ ਵਾਪਰ ਚੁੱਕੇ ਹਨ ਤੇ ਲਗਭਗ 50 ਤੋਂ 60 ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੁਲਵੰਤ ਸਿੰਘ ਨੇ ਸਦਨ ’ਚ ਦੱਸਿਆ ਕਿ ਇਸ ਸਮੱਸਿਆ ਨੂੰ ਸੁਲਝਾਉਣ ਲਈ ਪਹਿਲਾਂ ਵੀ ਅਨੇਕਾਂ ਵਾਰ ਯਤਨ ਕੀਤੇ ਜਾ ਚੁੱਕੇ ਹਨ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਾਲ 2011 ’ਚ ਗਮਾਡਾ ਗੁਰੂਘਰ ਦੇ ਬਿਲਕੁਲ ਸਾਹਮਦੇ ਹੀ ਲੋੜੀਂਦੀ ਜ਼ਮੀਨ ਦੇਣ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਆਪਦੇ ਖ਼ਰਚੇ ’ਤੇ ਕਰਵਾਉਣ ਲਈ ਰਾਜ਼ੀ ਹੋ ਗਿਆ ਸੀ ਪਰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿਸੇ ਅਧਿਕਾਰੀ ਜਾਂ ਸਥਾਨਕ ਆਗੂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਤੇ ਅਣਦੇਖੀ ਦੇ ਚੱਲਦਿਆਂ ਗਮਾਡਾ ਨੇ ਚੁਪ-ਚੁਪੀਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਜ਼ਮੀਨ ਵੇਚ ਦਿੱਤੀ। ਹੁਣ ਉਨ੍ਹਾਂ ਨੇ ਬਾਬਾ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਹੋਰਨਾਂ ਨਿਹੰਗ ਸਿੰਘਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਰਾਜ਼ੀ ਕਰ ਲਿਆ ਹੈ। ਗਮਾਡਾ 2.67 ਏਕੜ ਜ਼ਮੀਨ ਦੇਣੀ ਮੰਨ ਗਿਆ ਸੀ ਪਰ ਬਾਬਾ ਬਲਬੀਰ ਸਿੰਘ ਵੱਲੋਂ 3 ਏਕੜ ਜ਼ਮੀਨ ਦੇਣ ਲਈ ਕਿਹਾ ਗਿਆ। ਇਸ ਤਰ੍ਹਾਂ ਹੁਣ ਗੁਰੂਘਰ ਲਈ ਕਿਸੇ ਢੁਕਵੀਂ ਥਾਂ ’ਤੇ 3 ਏਕੜ ਜ਼ਮੀਨ ਦਿੱਤੀ ਜਾਵੇਗੀ ਤੇ ਉਸਾਰੀ ਕਾਰਜਾਂ ’ਤੇ ਵੀ ਲਗਭਗ 3 ਕਰੋੜ ਖਰਚੇ ਜਾਣਗੇ। ਵਿਧਾਇਕ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਮਸਲੇ ਨੂੰ ਬਿਨਾਂ ਕਿਸੇ ਦੇਰੀ ਦੇ ਗੰਭੀਰਤਾ ਨਾਲ ਵਿਚਾਰਿਆ ਜਾਵੇ। ਮੰਤਰੀ ਦਾ ਵਾਰ-ਵਾਰ ਇਹੋ ਕਹਿਣਾ ਸੀ ਕਿ ਦਫ਼ਤਰ ਵਿਚ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ ਪਰ ਉਹ ਸਦਨ ਵਿਚ ਵਿਧਾਇਕ ਨੂੰ ਕੋਈ ਪੁਖ਼ਤ ਭਰੋਸਾ ਨਹੀਂ ਦੇ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਕੁਲਵੰਤ ਸਿੰਘ ਨੇ ਨਾਮੀ ਹਸਪਤਾਲਾਂ ਦੇ ਬਾਹਰ ਸੜਕ ਦੇ ਦੋਵੇਂ ਗੱਡੀ ਖੜਾਉਣ, ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਅਤੇ ਗਰੀਬ ਲੋੜਵੰਦ ਲੋਕਾਂ ਨੂੰ ਮੁਹਾਲੀ ਵਿਚ ਘਰ ਦੇਣ ਦਾ ਮੁੱਦਾ ਚੁੱਕਿਆ ਗਿਆ ਸੀ।