ਸੁਖਮਨੀ ਗਰੁੱਪ ਦੇ ਕੱਢੇ ਵਰਕਰਾਂ ਦਾ ਪੱਕਾ ਮੋਰਚਾ ਜਾਰੀ
ਸੁਖਮਨੀ ਗਰੁੱਪ ਦੇ ਕੱਢੇ ਵਰਕਰਾਂ ਦਾ ਪੱਕਾ ਮੋਰਚਾ ਜਾਰੀ, ਵੱਡੇ ਸੰਘਰਸ਼ ਦੀ ਚੇਤਾਵਨੀ
Publish Date: Thu, 17 Sep 2026 06:54 PM (IST)
Updated Date: Thu, 17 Sep 2026 06:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਸ੍ਰੀ ਸੁਖਮਨੀ ਗਰੁੱਪ ਵੱਲੋਂ ਨੌਕਰੀਓਂ ਕੱਢੇ ਗਏ ਵਰਕਰਾਂ ਦੇ ਹੱਕ ਵਿਚ ਲਗਾਇਆ ਗਿਆ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਰਿਹਾ। ਇਸ ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਭਰਵਾਂ ਸਮਰਥਨ ਮਿਲ ਰਿਹਾ ਹੈ। ਧਰਨੇ ਵਾਲੀ ਥਾਂ ’ਤੇ ਸੰਗਤ ਵੱਲੋਂ ਨਿਰੰਤਰ ਲੰਗਰ ਅਤੇ ਪ੍ਰਸ਼ਾਦੇ-ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਜਥੇਬੰਦੀਆਂ ਦੀ ਮੁੱਖ ਮੰਗ ਹੈ ਕਿ ਕੱਢੇ ਗਏ ਵਰਕਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਨੌਕਰੀ ਤੇ ਬਹਾਲ ਕੀਤਾ ਜਾਵੇ। ਪ੍ਰਬੰਧਕਾਂ ਵੱਲੋਂ ਬਾਹਰੋਂ ਕੀਰਤਨੀਆਂ ਨੂੰ ਲਿਆਉਣ ਦੇ ਮੁੱਦੇ ਤੇ ਆਗੂਆਂ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਮੋਰਚੇ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅੱਜ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ’ਚ ਪ੍ਰਬੰਧਕਾਂ ਵੱਲੋਂ ਕਰਮਚਾਰੀਆਂ ਦੀ ਬਹਾਲੀ ਅਤੇ ਕੀਰਤਨੀਆਂ ਦੇ ਮਸਲੇ ਤੇ ਕੋਈ ਠੋਸ ਅਤੇ ਹਾਂਪੱਖੀ ਫ਼ੈਸਲਾ ਨਾ ਲਿਆ ਗਿਆ, ਤਾਂ ਸਮੂਹ ਜਥੇਬੰਦੀਆਂ ਵੱਲੋਂ ਇਕਜੁੱਟ ਹੋ ਕੇ ਇਕ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਅਮਲਾਲਾ, ਰਣਜੀਤ ਸਿੰਘ ਰਾਣਾ ਭਗਵਾਨਪੁਰ, ਜਗਤਾਰ ਸਿੰਘ ਝਰਮੜੀ, ਵਿਨੋਦ ਕੁਮਾਰ ਚੁੱਘ ਸੂਬਾ ਮੀਤ ਪ੍ਰਧਾਨ ਏਟਕ, ਬਲਜੀਤ ਸਿੰਘ, ਮਨਦੀਪ ਸਿੰਘ ਅਤੇ ਗੁਰਬਿੰਦਰ ਸਿੰਘ ਸਮੇਤ ਕਈ ਹੋਰ ਪ੍ਰਮੁੱਖ ਆਗੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।