- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਈ ਕਮਾਂਡ ਕਰੇਗੀ ਮੁਹਾਲੀ ਦੇ ਮੇਅਰ ਦਾ ਫ਼ੈਸਲਾ, ਵਿਧਾਇਕ ਨੇ ਕੌਂਸਲਰਾਂ ਨਾਲ ਕੀਤੀ ਬੈਠਕ,

- ਬੁੱਧਵਾਰ ਨੂੰ ਰਾਜਪੁਰਾ ’ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਕਰਨਗੇ ਕੌਂਸਲਰਾਂ ਨਾਲ ਮੁਲਾਕਾਤ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਸਰਗਰਮੀਆਂ ਤੇਜ਼
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਮੁਹਾਲੀ ਨਗਰ ਨਿਗਮ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਸ਼ਹਿਰ ਦੀ ਸਿਆਸਤ ਦਾ ਕੇਂਦਰ ਬਣ ਗਏ ਹਨ। ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਵਿਚ ਬਹੁਮਤ ਹਾਸਲ ਕੀਤਾ ਹੈ ਅਤੇ ਇਕ ਦੋ ਜਣਿਆਂ ਨੂੰ ਛੱਡ ਕੇ ਬਾਕੀ ਸਾਰੇ ਕੌਂਸਲਰ ਵਿਧਾਇਕ ਕੁਲਵੰਤ ਸਿੰਘ ਨਾਲ ਖੜ੍ਹੇ ਹਨ। ਉਂਜ ਮੇਅਰ ਬਾਰੇ ਫ਼ੈਸਲਾ ਹਾਈ ਕਮਾਂਡ ਵੱਲੋਂ ਲਿਆ ਜਾਣਾ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਲਿਫ਼ਾਫ਼ੇ ’ਚੋਂ ਮੇਅਰ ਦਾ ਨਾਮ ਬਾਹਰ ਆਏਗਾ। ਇਸ ਸਬੰਧੀ ਬੁੱਧਵਾਰ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਨਵੇਂ ਚੁਣੇ ਗਏ ਕੌਂਸਲਰਾਂ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ 3 ਜੂਨ ਨੂੰ ਰਾਜਪੁਰਾ ਦੇ ਇਕ ਰਿਜ਼ੋਰਟ ਵਿਚ ਸਵੇਰੇ 11 ਵਜੇ ਹੋਵੇਗੀ। ਇਸ ਸਬੰਧੀ ਸ਼ਹਿਰ ਦੇ ਕੌਂਸਲਰਾਂ ਨੂੰ ਲਿਖਤੀ ਮੈਸੇਜ ਭੇਜ ਕੇ ਸੁਨੇਹੇ ਲਾਏ ਗਏ ਹਨ।
ਮੇਅਰ ਦੀ ਕੁਰਸੀ ਹਥਿਆਉਣ ਲਈ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਦੇ ਨਾਂ ’ਤੇ ਬਹੁ-ਗਿਣਤੀ ਕੌਂਸਲਰ ਬਿਨਾਂ ਸ਼ਰਤ ਸਹਿਮਤ ਹਨ। ਉਹ ਤੀਜਾ ਵਾਰ ਕੌਂਸਲਰ ਚੁਣੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਪਾਰਟੀ ਦੇ ਸੀਨੀਅਰ ਆਗੂ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਵੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਹਾਲਾਂਕਿ ਹੋਰਨਾਂ ਕੌਂਸਲਰਾਂ ਵੱਲੋਂ ਵੀ ਮੇਅਰ ਬਣਨ ਦੀ ਇੱਛਾ ਜਾਹਰ ਕੀਤੀ ਗਈ ਹੈ ਪਰ ਬੀਤੇ ਦਿਨੀਂ ‘ਆਪ’ ਦੇ ਇਕ ਕੌਂਸਲਰ ਨੇ ਕਾਂਗਰਸ ਦੇ ਸਾਬਕਾ ਮੰਤਰੀ ਨਾਲ ਮੁਲਾਕਾਤ ਕਰ ਕੇ ਆਪਣਾ ਖੇਲ ਵਿਗਾੜ ਲਿਆ ਹੈ। ਇਸੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸ਼ਹਿਰ ਦੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਦੋ ਪੜਾਵਾਂ ਵਿਚ ਮੁਲਾਕਾਤ ਕੀਤੀ ਗਈ ਹੈ ਅਤੇ ਉਨ੍ਹਾਂ ਨਾਲ ਸ਼ਹਿਰ ਅਤੇ ਨਵੇਂ ਇਲਾਕਿਆਂ ਦੇ ਵਿਕਾਸ ਚਰਚਾ ਕਰਦਿਆਂ ਮੇਅਰ ਅਤੇ ਬਾਕੀ ਅਹੁਦਿਆਂ ਬਾਰੇ ਕੌਂਸਲਰਾਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹਾਜ਼ਰ ਕੌਂਸਲਰਾਂ ਨੇ ਸਾਰੇ ਅਧਿਕਾਰ ਵਿਧਾਇਕ ਨੂੰ ਸੌਂਪਦਿਆਂ ਕਿਹਾ ਕਿ ਉਹ ਜਿਸ ਕੌਂਸਲਰ ਦਾ ਨਾਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਪੇਸ਼ ਕਰਨਗੇ। ਉਹ ਸਾਰੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।
ਮੁਹਾਲੀ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਸਪੱਸ਼ਟ ਬਹੁਮਤ ਮਿਲਣ ਦੇ ਬਾਵਜੂਦ ਮੇਅਰ ਦੇ ਅਹੁਦੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਵਿਚ ਡੂੰਘੀ ਚਿੰਤਨ-ਮੰਥਨ ਅਤੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਭ ਤੋਂ ਵੱਧ ਚਰਚਾ ਮੇਅਰ ਦੇ ਅਹੁਦੇ ਦੇ ਦੋ ਪ੍ਰਮੁੱਖ ਦਾਅਵੇਦਾਰਾਂ ਨੂੰ ਲੈ ਕੇ ਹੋ ਰਹੀ ਹੈ, ਜਿਨ੍ਹਾਂ ਵਿਚ ਵਿਧਾਇਕ ਕੁਲਵੰਤ ਸਿੰਘ ਦਾ ਬੇਟਾ ਸਰਬਜੀਤ ਸਿੰਘ ਸਮਾਣਾ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ‘ਆਪ’ ਦੇ ਸੂਬਾ ਜਨਰਲ ਸਕੱਤਰ ਡਾ. ਸੰਨੀ ਆਹਲੂਵਾਲੀਆ ਦਾ ਨਾਂ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕੌਂਸਲਰਾਂ ਨਾਲ ਬੁੱਧਵਾਰ ਨੂੰ ਹੋਣ ਵਾਲੀ ਬੈਠਕ ’ਚ ਫ਼ੈਸਲਾ ਲਿਆ ਜਾ ਸਕਦਾ ਹੈ।