ਰਤਵਾੜਾ ਸਾਹਿਬ ਵਿਖੇ 4 ਰੋਜ਼ਾ ਸਮਾਗਮ ਗੁਰਮਤਿ ਸੰਪੰਨ ਰਤਵਾੜਾ ਸਾਹਿਬ ਵਿਖੇ ਚਾਰ ਰੋਜ਼ਾ ਸਮਾਗਮ ਗੁਰਮਤਿ ਦੀਆਂ ਰੂਹਾਨੀ ਕਿਰਨਾਂ ਵੰਡਦਾ ਹੋਇਆ ਸੰਪੰਨ,
Publish Date: Mon, 02 Nov 2026 06:29 PM (IST)
Updated Date: Tue, 03 Nov 2026 04:02 AM (IST)
ਦੇਸ਼-ਵਿਦੇਸ਼ ਤੋਂ ਸੰਗਤ ਨੇ ਭਰੀ ਹਾਜ਼ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਰਿਹਾ ਸਮਾਗਮ ਰੋਹਿਤ ਗੁਪਤਾ, ਪੰਜਾਬੀ ਜਾਗਰਣ, ਮਾਜਰੀ : ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਰਤਵਾੜਾ ਸਾਹਿਬ ਵਿਖੇ ਕਰਵਾਇਆ ਗਿਆ ਚਾਰ ਰੋਜ਼ਾ ਵਿਸ਼ਾਲ ਗੁਰਮਤਿ ਸਮਾਗਮ ਸੋਮਵਾਰ ਨੂੰ ਗੁਰਮਤਿ ਦੀਆਂ ਰੂਹਾਨੀ ਕਿਰਨਾਂ ਵੰਡਦਾ ਹੋਇਆ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ’ਚ ਸ਼ਮੂਲੀਅਤ ਕੀਤੀ। ਚਾਰ ਰੋਜ਼ਾ ਇਹ ਸਮਾਗਮ ਸੰਗਤਾਂ ਲਈ ਰੂਹਾਨੀ ਪ੍ਰੇਰਣਾ ਤੇ ਗੁਰਮਤਿ ਵਿਚਾਰਧਾਰਾ ਨਾਲ ਜੁੜਨ ਦਾ ਵਿਸ਼ੇਸ਼ ਮੌਕਾ ਬਣਿਆ। ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਗਏ ਇਸ ਸਮਾਗਮ ’ਚ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਤੇ ਰੂਹਾਨੀ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ ਗਿਆ। ਸਮਾਗਮ ਦਾ ਅਖ਼ੀਰਲਾ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਰਿਹਾ। ਅੱਜ ਚੌਥੇ ਦਿਨ ਦੇ ਇਸ ਸਮਾਗਮ ਦੌਰਾਨ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਬੀਬੀ ਉਜਾਗਰ ਕੌਰ ਦੇ ਜਥੇ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਇੰਦਰਜੀਤ ਸਿੰਘ ਸੋਹਾਣਾ, ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਵਾਲੇ, ਭਾਈ ਹਰਜੀਤ ਸਿੰਘ ਹਰਮਨ, ਕੀਰਤਨੀ ਜਥਾ ਜਵੱਦੀ ਕਲਾਂ ਟਕਸਾਲ ਲੁਧਿਆਣਾ, ਸੰਤ ਬਾਬਾ ਅਮੀਰ ਸਿੰਘ, ਭਾਈ ਜਸਮਿੰਦਰ ਸਿੰਘ, ਸੰਤ ਭੁਪਿੰਦਰ ਸਿੰਘ ਜਰਗ, ਭਾਈ ਗੁਰਦੇਵ ਸਿੰਘ ਰੁਦਰਪੁਰ, ਜਥੇ. ਗਿਆਨੀ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਹਰਪਾਲ ਸਿੰਘ, ਮਨਜੀਤ ਸਿੰਘ ਯੂਐੱਸਏ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਸੀਨੀਅਰ ਭਾਜਪਾ ਆਗੂ ਰਣਜੀਤ ਸਿੰਘ ਗਿੱਲ, ਹਰਭਾਗ ਸਿੰਘ ਦੇਸੂਮਾਜਰਾ, ਭਾਈ ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਵਿੰਦਰ ਸਿੰਘ ਵਜੀਦਪੁਰ, ਭਾਈ ਗੁਰਮੀਤ ਸਿੰਘ ਸ਼ੈਂਟੀ, ਭਾਈ ਹਰਜਿੰਦਰ ਸਿੰਘ ਮੁੰਧੋਂ, ਰਵਿੰਦਰ ਸਿੰਘ ਖੇੜਾ ਸੀਨੀਅਰ ਅਕਾਲੀ ਆਗੂ, ਡਾ. ਬਲਵਿੰਦਰ ਕੌਰ ਚਾਹਲ ਤੇ ਬੀਬਾ ਕਮਲਜੀਤ ਕੌਰ ਸੋਲਖੀਆਂ ਸਮੇਤ ਹੋਰ ਰਾਗੀ ਜਥਿਆਂ ਤੇ ਪ੍ਰਚਾਰਕਾਂ ਨੇ ਵੀ ਜਥਿਆਂ ਸਮੇਤ ਹਾਜ਼ਰੀ ਭਰੀ। ਇਸ ਮੌਕੇ ਵੱਖ-ਵੱਖ ਵਿਦਵਾਨਾਂ, ਧਾਰਮਿਕ ਸ਼ਖ਼ਸੀਅਤਾਂ ਤੇ ਬੁਲਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਰਬਕਾਲੀ ਸਿੱਖਿਆਵਾਂ, ਫਲਸਫ਼ੇ ਤੇ ਮਨੁੱਖਤਾ ਨੂੰ ਦਿੱਤੀ ਅਧਿਆਤਮਕ ਸੇਧ ਬਾਰੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖਤਾ ਲਈ ਸਾਂਝੀਵਾਲਤਾ, ਪ੍ਰੇਮ, ਸੇਵਾ, ਨਿਮਰਤਾ ਤੇ ਸੱਚੇ ਜੀਵਨ ਦੀ ਪ੍ਰੇਰਨਾ ਦਾ ਅਮੁੱਕ ਸੋਮਾ ਹੈ। ਅੱਜ ਦੇ ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਸਿੱਖ ਕੌਮ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਵੱਡੀ ਲੋੜ ਹੈ ਕਿ ਕੌਮ ਆਪਣੇ ਪ੍ਰਮਾਣਿਤ ਸਿਧਾਂਤਾਂ, ਗੁਰਮਤਿ ਮਰਿਆਦਾ ਤੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਸੁਚੇਤ ਹੋਵੇ। ਉਨ੍ਹਾਂ ਨੇ ਗੁਰਮਤਿ ਦੀ ਮੂਲ ਵਿਚਾਰਧਾਰਾ ਨਾਲ ਜੁੜੇ ਰਹਿਣ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਨੂੰ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸਮਾਗਮ ਦੀ ਸੰਪੂਰਨਤਾ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਲਖਬੀਰ ਸਿੰਘ ਦੇ ਜਥੇ ਵੱਲੋਂ ਕੀਤੇ ਇਲਾਹੀ ਗੁਰਬਾਣੀ ਕੀਰਤਨ ਦੇ ਕੀਰਤਨ ਨਾਲ ਹੋਈ। ਇਸ ਮੌਕੇ ਉਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾਗੱਦੀ ਬਖ਼ਸ਼ਣ ਦੇ ਮਹਾਨ ਇਤਿਹਾਸਕ ਫ਼ੈਸਲੇ ਦੀ ਅਧਿਆਤਮਕ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨ ਤੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਅੱਜ ਦੇ ਇਸ ਪਾਵਨ ਸਮਾਗਮਾਂ ਦੌਰਾਨ ਸਟੇਜ ਦੀ ਸੇਵਾ ਭਾਈ ਜਸਵਿੰਦਰ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ ਤੇ ਸਮਾਗਮ ਦੌਰਾਨ ਅਰਦਾਸ ਦੀ ਸੇਵਾ ਡਾ. ਭਾਈ ਸੁਖਵਿੰਦਰ ਸਿੰਘ ਵੱਲੋਂ ਨਿਭਾਈ ਗਈ, ਨਾਲ ਹੀ ਗੁਰੂ ਕੇ ਲੰਗਰ ਦੀ ਸੇਵਾ ਬਾਬਾ ਕਰਨੈਲ ਸਿੰਘ ਸ੍ਰੀ ਮਾਨ ਨੇ ਬਾਖ਼ੂਬੀ ਨਿਭਾਈ। ਇਸ ਤਰ੍ਹਾਂ 4 ਰੋਜ਼ਾ ਗੁਰਮਤਿ ਸਮਾਗਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਰੂਹਾਨੀ ਪ੍ਰੇਰਣਾ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੋਇਆ ਸੰਪੰਨ ਹੋਇਆ।