ਪੰਜ ਰੋਜ਼ਾ ‘ਦਸਤਕ ਥੀਏਟਰ ਫੈਸਟੀਵਲ’ ਯਾਦਗਾਰੀ ਹੋ ਨਿਬੜਿਆ ਪੰਜ ਰੋਜ਼ਾ ‘ਦਸਤਕ ਥੀਏਟਰ ਫੈਸਟੀਵਲ’ ਯਾਦਗਾਰੀ ਹੋ ਨਿਬੜਿਆ
Publish Date: Mon, 26 Oct 2026 06:59 PM (IST)
Updated Date: Mon, 26 Oct 2026 07:04 PM (IST)
-ਵਿਦਿਆਰਥੀਆਂ ਨੇ ਨੁੱਕੜ ਨਾਟਕਾਂ ਤੋਂ ਲੈ ਕੇ ਮੋਨੋ ਐਕਟਿੰਗ ਤੇ ਮਿਮਿਕਰੀ ’ਚ ਦਿੱਤਾ ਪ੍ਰਤਿਭਾ ਦਾ ਸਬੂਤ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਦਾ ਸਾਲਾਨਾ ਪੰਜ ਰੋਜ਼ਾ ਰੰਗਮੰਚ ਉਤਸਵ ‘ਦਸਤਕ ਥੀਏਟਰ ਫੈਸਟੀਵਲ-2026’ ਸਮਾਜਿਕ ਅਤੇ ਭਾਵਨਾਤਮਿਕ ਵਿਸ਼ਿਆਂ ਤੇ ਆਧਾਰਿਤ ਪ੍ਰਭਾਵਸ਼ਾਲੀ ਨਾਟਕਾਂ ਦੀਆਂ ਪੇਸ਼ਕਾਰੀਆਂ ਨਾਲ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਫੈਸਟੀਵਲ ’ਚ ਪਿਆਰ, ਬਚਪਨ ਦੀਆਂ ਯਾਦਾਂ, ਗੂੜ੍ਹੀ ਦੋਸਤੀ ਅਤੇ ਵਿਆਹੁਤਾ ਰਿਸ਼ਤਿਆਂ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਆਧਾਰਿਤ ਨਾਟਕਾਂ ਨੇ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ-ਨਾਲ ਡੂੰਘੀ ਸੋਚ ’ਚ ਪਾਇਆ। ਅਖੀਰਲੇ ਦਿਨ ਸੁਧੀਰ ਬੀ. ਕੁਲਕਰਨੀ ਵੱਲੋਂ ਲਿਖਿਆ ਅਤੇ ਅਜੀਤ ਚੌਧਰੀ ਦੁਆਰਾ ਨਿਰਦੇਸ਼ਿਤ ਵਿਅੰਗਮਈ ਨਾਟਕ ਪਤੀ ਗਏ ਰੇ ਕਾਠੀਆਵਾੜ ਪੇਸ਼ ਕੀਤਾ ਗਿਆ। ਪੀ.ਕੇ. ਅਤੇ ਲਵ ਆਜ ਕਲ ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਅਦਾਕਾਰ ਰਾਜਿੰਦਰ ਸ਼ਰਮਾ (ਨਾਨੂੰ) ਅਤੇ ਉਨ੍ਹਾਂ ਦੀ ਟੀਮ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਇਹ ਨਾਟਕ ਪਤੀ ਦੇ ਕਾਠੀਆਵਾੜ ਚਲੇ ਜਾਣ ਤੋਂ ਬਾਅਦ ਪਤੀ-ਪਤਨੀ ਦੇ ਰਿਸ਼ਤੇ ’ਚ ਆਏ ਉਤਰਾਅ-ਚੜ੍ਹਾਅ ਅਤੇ ਗਲਤਫ਼ਹਿਮੀਆਂ ਨੂੰ ਹਾਸ-ਰਸ ਅਤੇ ਤਿੱਖੀ ਸਮਾਜਿਕ ਟਿੱਪਣੀ ਰਾਹੀਂ ਪੇਸ਼ ਕਰਦਾ ਹੈ। ਪ੍ਰਸਿੱਧ ਅਦਾਕਾਰ ਮੁਕੇਸ਼ ਰਿਸ਼ੀ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ, ਦਾਨਿਸ਼ ਇਕਬਾਲ ਦਾ ਹਿੰਦੀ ਨਾਟਕ ‘ਬੁਨਕਰ’ ਖਿੱਚ ਦਾ ਕੇਂਦਰ ਰਿਹਾ, ਜਿਸ ’ਚ ਦੋ ਵੱਖ-ਵੱਖ ਕਹਾਣੀਆਂ ‘ਹੀਰੋ: ਏਕ ਲਵ ਸਟੋਰੀ’ ਅਤੇ ‘ਸਾਈਕਲ ਕਹਾਣੀ’ ਦਾ ਸੁਮੇਲ ਦੇਖਣ ਨੂੰ ਮਿਲਿਆ। ਪੂਰੇ ਫ਼ੈਸਟੀਵਲ ਦੌਰਾਨ ਕੁੱਲ ਛੇ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ’ਚ ਇਕ ਲਮਹਾ ਜ਼ਿੰਦਗੀ , ਅੱਖ ਮਿਚੋਲੀ , ਰਾਕੇਸ਼ ਬੇਦੀ ਦਾ ਮੋਨੋਲੋਗ ਮਸਾਜ ਅਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਚਰਚਿਤ ਨਾਟਕ ‘ਕਾਜੂ ਕਤਲੀ’ ਸ਼ਾਮਲ ਸਨ। ਇਸ ਉਤਸਵ ’ਚ ਰਾਕੇਸ਼ ਬੇਦੀ, ਜਤਿਨ ਸਰਨਾ, ਪਰਿਤੋਸ਼ ਤ੍ਰਿਪਾਠੀ, ਅਨਾਮਿਕਾ ਸਾਗਰ, ਜੂਹੀ ਬੱਬਰ ਸੋਨੀ ਅਤੇ ਅਜੀਤ ਚੌਧਰੀ ਵਰਗੇ ਨਾਮਵਰ ਕਲਾਕਾਰਾਂ ਨੇ ਹਿੱਸਾ ਲਿਆ। ਨਾਟਕਾਂ ਤੋਂ ਇਲਾਵਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਫੈਂਸੀ ਡਰੈੱਸ ਮੁਕਾਬਲੇ ’ਚ ਹਰਲੀਨ ਕੌਰ ਨੇ ਪਹਿਲਾ, ਅਮਿਤੇਸ਼ਵਰ ਨੇ ਦੂਜਾ ਅਤੇ ਪੁਨੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਟੈਂਡ-ਅੱਪ ਕਾਮੇਡੀ ’ਚ ਅਭਿਨਵ ਪਹਿਲੇ, ਨਵਰੀਨ ਕੌਰ ਦੂਜੇ ਅਤੇ ਧਰੁਵ ਤੀਜੇ ਅਤੇ ਮਿਮਿਕਰੀ ’ਚ ਪ੍ਰਥਮ ਨੇ ਪਹਿਲਾ, ਚਾਹਤ ਨੇ ਦੂਜਾ ਅਤੇ ਹਰਗੁਣ ਨੇ ਤੀਜਾ ਸਥਾਨ ਹਾਸਲ ਕੀਤਾ। ਇੰਜ ਹੀ ਨੁੱਕੜ ਨਾਟਕ ‘ਪੜ੍ਹੇ-ਲਿਖੇ ਅਨਪੜ੍ਹ ਗਰੁੱਪ’ ਨੇ ਪਹਿਲਾ, ‘ਅਤਰੰਗੀ ਗਰੁੱਪ’ ਨੇ ਦੂਜਾ ਅਤੇ ‘ਅਲਬਾਦੀ ਗਰੁੱਪ’ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮਾਗਮ ’ਚ ਜੀਟੀਸੀ ਨੈੱਟਵਰਕ ਦੇ ਐਮਡੀ ਰਬਿੰਦਰ ਨਰਾਇਣ, ਅਦਾਕਾਰਾ ਜੂਹੀ ਬੱਬਰ ਸੋਨੀ, ਸੰਦੀਪ ਬਾਂਸਲ (ਓਟੀਟੀ ਚੌਪਾਲ ), ਗਾਇਕ ਅਮਨ ਜਾਜੀ, ਅਦਾਕਾਰ ਸ਼ਿਸ਼ੀਰ ਸ਼ਰਮਾ, ਮਲਕੀਤ ਰੌਣੀ ਅਤੇ ਫਿਲਮ ਨਿਰਮਾਤਾ ਬੰਟੀ ਬੈਂਸ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।