ਪਹਿਲੇ ਪਤੀ ਨੇ ਦੂਜੇ ਪਤੀ ਸਾਹਮਣੇ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ ਪਹਿਲੇ ਪਤੀ ਨੇ ਦੂਜੇ ਪਤੀ ਦੇ ਸਾਹਮਣੇ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ
Publish Date: Tue, 01 Sep 2026 07:56 PM (IST)
Updated Date: Wed, 02 Sep 2026 04:04 AM (IST)
* ਘਰੇਲੂ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਵਾਰਦਾਤ ਤੋਂ ਬਾਅਦ ਮੁਲਜ਼ਮ ਫ਼ਰਾਰ, ਮਾਮਲਾ ਦਰਜ ਫੋਟੋ ਕੈਪਸ਼ਨ : ਮ੍ਰਿਤਕਾ ਪੂਨਮ ਦੀ ਪੁਰਾਣੀ ਤਸਵੀਰ। 21ਪੀ ਫੋਟੋ ਕੈਪਸ਼ਨ : ਪੁਲਿਸ ਮੁਲਾਜ਼ਮ ਮੌਕੇ ਤੋਂ ਕੁਝ ਜ਼ਰੂਰੀ ਕਾਗਜ਼ਾਤ ਆਪਣੇ ਨਾਲ ਲੈ ਕੇ ਜਾਂਦਾ ਹੋਇਆ। 22ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੇ ਦਸਮੇਸ਼ ਨਗਰ ਇਲਾਕੇ ’ਚ ਮੰਗਲਵਾਰ ਸਵੇਰੇ ਉਸ ਸਮੇਂ ਦਹਿਸ਼ਤ ਤੇ ਸਨਸਨੀ ਫੈਲ ਗਈ, ਜਦੋਂ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਉਸ ਦੇ ਦੂਜੇ ਪਤੀ ਸਾਹਮਣੇ ਹੀ ਤੇਜ਼ਧਾਰ ਹਥਿਆਰ ਨਾਲ ਤਾਬੜ-ਤੋੜ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਪੂਨਮ (35) ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਜ਼ੀਰਕਪੁਰ ਪੁਲਿਸ ਨੇ ਮ੍ਰਿਤਕਾ ਦੇ ਪਹਿਲੇ ਪਤੀ ਵੇਦ ਪ੍ਰਕਾਸ਼ ਪਾਠਕ ਵਾਸੀ ਜੈਤਪੁਰਾ, ਮੱਧ ਪ੍ਰਦੇਸ਼ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਆਪਸੀ ਸਹਿਮਤੀ ਨਾਲ ਕੀਤਾ ਸੀ ਵਿਆਹ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕਾ ਨਾਲ ਰਹਿ ਰਹੇ ਰਾਜੀਵ ਰਿਸ਼ੀ ਰਾਜ (54) ਨੇ ਦੱਸਿਆ ਕਿ ਉਹ ਫਰਵਰੀ 2022 ’ਚ ਜ਼ੀਰਕਪੁਰ ਆਇਆ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਪੂਨਮ ਨਾਲ ਹੋਈ। ਦੋਵਾਂ ਨੇ ਜੁਲਾਈ 2022 ’ਚ ਆਪਸੀ ਸਹਿਮਤੀ ਨਾਲ ਵਿਆਹ ਕਰ ਲਿਆ ਅਤੇ ਇਕੱਠੇ ਰਹਿਣ ਲੱਗੇ। ਕੁਝ ਸਮੇਂ ਬਾਅਦ ਰਾਜੀਵ ਨੂੰ ਪਤਾ ਲੱਗਾ ਕਿ ਪੂਨਮ ਦਾ ਆਪਣੇ ਪਹਿਲੇ ਪਤੀ ਵੇਦ ਪ੍ਰਕਾਸ਼ ਨਾਲ ਅਜੇ ਤਲਾਕ ਨਹੀਂ ਹੋਇਆ ਸੀ। ਰਾਜੀਵ ਅਨੁਸਾਰ, ਵੇਦ ਪ੍ਰਕਾਸ਼ ਅਕਸਰ ਪੂਨਮ ਨੂੰ ਆਪਣੇ ਨਾਲ ਵਾਪਸ ਚੱਲਣ ਲਈ ਕਹਿੰਦਾ ਸੀ ਪਰ ਪੂਨਮ ਉਸ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੰਦੀ ਸੀ। ਬਾਅਦ ’ਚ ਵੇਦ ਪ੍ਰਕਾਸ਼ ਵੀ ਜ਼ੀਰਕਪੁਰ ਆ ਕੇ ਰਹਿਣ ਲੱਗ ਪਿਆ ਸੀ। ਘਰ ’ਚ ਵੜ ਕੇ ਕੀਤਾ ਹਮਲਾ : ਰਾਜੀਵ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 9:15 ਤੋਂ 9:20 ਵਜੇ ਦੇ ਵਿਚਕਾਰ ਵੇਦ ਪ੍ਰਕਾਸ਼, ਪੂਨਮ ਦੇ ਭਰਾ ਬਬਲੂ ਨਾਲ ਦਸਮੇਸ਼ ਨਗਰ ਸਥਿਤ ਮਕਾਨ ’ਚ ਆਇਆ। ਵੇਦ ਪ੍ਰਕਾਸ਼ ਨੇ ਪੂਨਮ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਪਰ ਉਸ ਨੇ ਮਨਾਂ ਕਰ ਦਿੱਤਾ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ। ਜਦੋਂ ਰਾਜੀਵ ਨੇ ਵੇਦ ਪ੍ਰਕਾਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਰਾਜੀਵ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੂਨਮ ਬਚਾਅ ਲਈ ਅੱਗੇ ਆਈ ਤਾਂ ਵੇਦ ਪ੍ਰਕਾਸ਼ ਨੇ ਆਪਣੇ ਬੈਗ ਚੋਂ ਤੇਜ਼ਧਾਰ ਹਥਿਆਰ ਕੱਢ ਕੇ ਪੂਨਮ ਦੀ ਛਾਤੀ ਤੇ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਬੀਐੱਨਐੱਸ ਦੀ ਧਾਰਾ 103 ਤਹਿਤ ਮਾਮਲਾ ਦਰਜ, ਮੁਲਜ਼ਮ ਫ਼ਰਾਰ ਹਮਲੇ ਤੋਂ ਬਾਅਦ ਰਾਜੀਵ ਤੇ ਬਬਲੂ ਨੇ ਵੇਦ ਪ੍ਰਕਾਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਚਾਕੂ ਤੇ ਬੈਗ ਲੈ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਦੇ ਐੱਸਐੱਚਓ ਇੰਸਪੈਕਟਰ ਜਸਵੀਰ ਸਿੰਘ ਪੁਲਿਸ ਟੀਮ ਤੇ ਫੋਰੈਂਸਿਕ ਵਿਭਾਗ ਨਾਲ ਮੌਕੇ ਤੇ ਪਹੁੰਚੇ। ਘਟਨਾ ਸਥਾਨ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਈ-ਸਾਖਿਆ ਐਪ ਰਾਹੀਂ ਕੀਤੀ ਗਈ। ਪੁਲਿਸ ਨੇ ਰਾਜੀਵ ਦੇ ਬਿਆਨਾਂ ’ਤੇ ਵੇਦ ਪ੍ਰਕਾਸ਼ ਪਾਠਕ ਖ਼ਿਲਾਫ਼ ਧਾਰਾ 103 ਬੀਐੱਨਐੱਸ ਤਹਿਤ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।