ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਤੇ ਆਧਿਆਤਮਿਕ ਮਾਹੌਲ ’ਚ ਮਨਾਇਆ
ਸ਼ਿਵਰਾਤਰੀ ਦਾ ਤਿਉਹਾਰ ਉਤਸ਼ਾਹ ਅਤੇ ਆਧਿਆਤਮਿਕ ਮਾਹੌਲ ਵਿਚ ਮਨਾਇਆ
Publish Date: Mon, 16 Feb 2026 06:25 PM (IST)
Updated Date: Mon, 16 Feb 2026 06:27 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਬ੍ਰਹਮਾ ਕੁਮਾਰੀਜ਼ ਵੱਲੋਂ ਸੁਖ ਸ਼ਾਂਤੀ ਭਵਨ ਫੇਜ਼-7 ਮੁਹਾਲੀ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ, ਉਤਸ਼ਾਹ ਅਤੇ ਆਧਿਆਤਮਿਕ ਮਾਹੌਲ ਵਿਚ ਮਨਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਸ਼ਰਧਾਲੂਆਂ ਅਤੇ ਪਤਵੰਤਿਆਂ ਦੀ ਹਾਜ਼ਰੀ ਰਹੀ। ਸਮਾਗਮ ਦੀ ਸ਼ੁਰੂਆਤ ਕੁਮਾਰੀ ਨਵਿਆ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਸਵਾਗਤ ਨ੍ਰਿਤਯ ਨਾਲ ਹੋਈ। ਮੰਚ ’ਤੇ ਡਾ. ਅੰਕਿਤਾ ਕਾਂਸਲ (ਪੀਸੀਐੱਸ, ਮੁਹਾਲੀ) ਅਤੇ ਪ੍ਰਭਜੋਤ ਕੌਰ (ਚੇਅਰਪਰਸਨ, ਜ਼ਿਲ੍ਹਾ ਯੋਜਨਾ ਕਮੇਟੀ, ਮੁਹਾਲੀ) ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਸਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬ੍ਰਹਮਾ ਕੁਮਾਰੀ ਪ੍ਰੇਮਲਤਾ, ਇੰਚਾਰਜ, ਰਾਜਯੋਗ ਕੇਂਦਰ (ਮੁਹਾਲੀ–ਰੋਪੜ ਖੇਤਰ), ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਕੋਲ ਧਾਰਮਿਕ ਅਸਥਾਨ, ਧਨ-ਦੌਲਤ, ਤਕਨਾਲੋਜੀ, ਹੁਨਰ ਅਤੇ ਵਿਸ਼ਾਲ ਇਮਾਰਤਾਂ ਹਨ, ਪਰ ਮਾਨਸਿਕ ਸ਼ਾਂਤੀ, ਸੰਤੋਖ, ਅਨੰਦ, ਪਿਆਰ ਅਤੇ ਦਇਆ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਪ੍ਰਭਜੋਤ ਕੌਰ ਨੇ ਸ਼ਿਵਰਾਤਰੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਨਵੀਨਰਾਂ ਦਾ ਧੰਨਵਾਦ ਕੀਤਾ ਅਤੇ ਧਿਆਨ ਰਾਹੀਂ ਪਰਮਾਤਮਾ ਨਾਲ ਜੁੜ ਕੇ ਜੀਵਨ ਨੂੰ ਉੱਚਾ ਚੁੱਕਣ ਦਾ ਸੰਦੇਸ਼ ਦਿੱਤਾ। ਸਮਾਗਮ ਦਾ ਸਮਾਪਨ ਸ਼ਾਂਤੀ-ਸੰਕਲਪ, ਪ੍ਰਭੂ-ਯਾਦ ਅਤੇ ਪ੍ਰਸ਼ਾਦ ਵੰਡ ਨਾਲ ਹੋਇਆ। ਪੂਰੇ ਪ੍ਰੋਗਰਾਮ ਦੌਰਾਨ ਆਧਿਆਤਮਿਕਤਾ, ਸ਼ਾਂਤੀ ਅਤੇ ਸਕਾਰਾਤਮਿਕਤਾ ਦੀ ਵਿਸ਼ੇਸ਼ ਲਹਿਰ ਮਹਿਸੂਸ ਕੀਤੀ ਗਈ।