ਛੱਤਬੀੜ ਚਿੜੀਆਘਰ ’ਚ ਗਰਮੀਆਂ ਦੀਆਂ ਛੁੱਟੀਆਂ ਦੀ ਰੌਣਕ : ਬਾਘਣ
ਛੱਤਬੀੜ ਚਿੜੀਆਘਰ 'ਚ ਗਰਮੀਆਂ ਦੀਆਂ ਛੁੱਟੀਆਂ ਦੀ ਰੌਣਕ:
Publish Date: Mon, 01 Jun 2026 09:35 PM (IST)
Updated Date: Mon, 01 Jun 2026 09:36 PM (IST)

- ‘ਗੌਰੀ’ ਦੇ ਤਿੰਨ ਨੰਨ੍ਹੇ ਸ਼ਾਵਕ ਬਣੇ ਸੈਲਾਨੀਆਂ ਦੀ ਪਹਿਲੀ ਪਸੰਦ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦਿਆਂ ਹੀ ਉੱਤਰੀ ਭਾਰਤ ਦੇ ਪ੍ਰਸਿੱਧ ਛੱਤਬੀੜ ਚਿੜੀਆਘਰ ਦੀ ਰੌਣਕ ਕਈ ਗੁਣਾ ਵੱਧ ਗਈ ਹੈ। ਇਸ ਵਾਰ ਇੱਥੇ ਪਹੁੰਚਣ ਵਾਲੇ ਸੈਲਾਨੀਆਂ ਲਈ ਖਿੱਚ ਦਾ ਸਭ ਤੋਂ ਵੱਡਾ ਕੇਂਦਰ ਰਾਇਲ ਬੰਗਾਲ ਬਾਘ ਮਾਦਾ ‘ਗੌਰੀ’ ਦੇ ਤਿੰਨ ਨੰਨ੍ਹੇ ਸ਼ਾਵਕ ਬਣੇ ਹੋਏ ਹਨ, ਜਿਨ੍ਹਾਂ ਦੇ ਨਾਮ ‘ਗਰਿਮਾ, ਗੁੰਜਨ ਅਤੇ ਗ਼ਜ਼ਲ’ ਹਨ। ਇਨ੍ਹਾਂ ਤਿੰਨਾਂ ਦੀ ਇਕ ਝਲਕ ਪਾਉਣ ਲਈ ਹਰ ਸਵੇਰ ਚਿੜੀਆਘਰ ਦੇ ਖੁੱਲ੍ਹਦਿਆਂ ਹੀ ਪਰਿਵਾਰਾਂ, ਬੱਚਿਆਂ ਅਤੇ ਜੰਗਲੀ ਜੀਵ ਪ੍ਰੇਮੀਆਂ ਦੀ ਭਾਰੀ ਭੀੜ ਬਾਘਾਂ ਦੇ ਬਾੜੇ ਵੱਲ ਉਮੜ ਰਹੀ ਹੈ। ਹਾਲਾਤ ਇਹ ਹਨ ਕਿ ਸੈਲਾਨੀ ਸਭ ਤੋਂ ਪਹਿਲਾਂ ਇਨ੍ਹਾਂ ਸ਼ਾਵਕਾਂ ਨੂੰ ਦੇਖਣ ਲਈ ਦੌੜਦੇ ਹਨ। ਛੱਤਬੀੜ ਚਿੜੀਆਘਰ ਵਿਚ ਪਹਿਲੀ ਵਾਰ ਜਨਤਕ ਤੌਰ ਤੇ ਦਰਸ਼ਨ ਦੇ ਰਹੇ ਇਹ ਸ਼ਾਵਕ ਆਪਣੀਆਂ ਚੰਚਲ ਹਰਕਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ। ਕਦੇ ਇਕ-ਦੂਜੇ ਦੇ ਪਿੱਛੇ ਦੌੜਦੇ, ਕਦੇ ਆਪਸ ਵਿਚ ਖੇਡਦੇ ਅਤੇ ਕਦੇ ਆਲੇ-ਦੁਆਲੇ ਦੇ ਮਾਹੌਲ ਨੂੰ ਉਤਸੁਕਤਾ ਨਾਲ ਨਿਹਾਰਦੇ ਇਹ ਨੰਨ੍ਹੇ ਬਾਘ ਸੈਲਾਨੀਆਂ ਲਈ ਖ਼ਾਸ ਆਕਰਸ਼ਣ ਹਨ। ਬਾੜਿਆਂ ਦੇ ਬਾਹਰ ਖੜ੍ਹੇ ਲੋਕ ਲੰਬੇ ਸਮੇਂ ਤੱਕ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਨਿਹਾਰਦੇ ਰਹਿੰਦੇ ਹਨ ਅਤੇ ਮੋਬਾਈਲ ਫੋਨਾਂ ਵਿਚ ਇਹ ਯਾਦਗਾਰ ਪਲ ਕੈਦ ਕਰਦੇ ਨਜ਼ਰ ਆਉਂਦੇ ਹਨ। ਰੋਜ਼ਾਨਾ ਪਹੁੰਚ ਰਹੇ ਨੇ 2 ਹਜ਼ਾਰ ਸੈਲਾਨੀ, ਸਿਹਤ ’ਤੇ ਰੱਖੀ ਜਾ ਰਹੀ ਤਿੱਖੀ ਨਜ਼ਰ : ਚਿੜੀਆਘਰ ਦੇ ਐਜੂਕੇਸ਼ਨ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹਰ ਰੋਜ਼ ਔਸਤਨ ਕਰੀਬ 2 ਹਜ਼ਾਰ ਸੈਲਾਨੀ ਚਿੜੀਆਘਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜੋ ਖ਼ਾਸ ਤੌਰ ਤੇ ਗਰਿਮਾ, ਗੁੰਜਨ ਅਤੇ ਗ਼ਜ਼ਲ ਨੂੰ ਦੇਖਣ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਵਕਾਂ ਦੀ ਉਮਰ ਹਾਲੇ ਘੱਟ ਹੋਣ ਕਾਰਨ ਮਾਹਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਨੂੰ ਸੀਮਤ ਸਮੇਂ ਲਈ ਹੀ ਬਾਹਰੀ ਬਾੜਿਆਂ ਵਿਚ ਰੱਖਿਆ ਜਾਂਦਾ ਹੈ। ਵਧਦੇ ਤਾਪਮਾਨ ਨੂੰ ਦੇਖਦਿਆਂ ਦੁਪਹਿਰ ਕਰੀਬ 12 ਵਜੇ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵਾਪਸ ਸੁਰੱਖਿਅਤ ਆਵਾਸ ਵਿਚ ਲੈ ਜਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ਾਵਕਾਂ ਨੂੰ ਹੌਲੀ-ਹੌਲੀ ਬਾਹਰੀ ਮਾਹੌਲ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਕੁਦਰਤੀ ਵਿਕਾਸ ਅਤੇ ਵਿਹਾਰਕ ਤਿਆਰੀ ਦਾ ਅਹਿਮ ਹਿੱਸਾ ਹੈ। ਇਸ ਦੌਰਾਨ ਪਸ਼ੂ ਡਾਕਟਰਾਂ ਅਤੇ ਜੰਗਲੀ ਜੀਵ ਮਾਹਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਅਤੇ ਗਤੀਵਿਧੀਆਂ ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਤਾਂ ਜੋ ਗਰਮੀ ਕਾਰਨ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਸਮੱਸਿਆ ਪੈਦਾ ਨਾ ਹੋਵੇ।