ਖ਼ਸਤਾ ਹਾਲ ਸਿਤਾਰਪੁਰ ਸੰਪਰਕ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ ਖ਼ਸਤਾ ਹਾਲ ਸਿਤਾਰਪੁਰ ਸੰਪਰਕ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਸੱਦਾ,
Publish Date: Sun, 19 Jul 2026 08:07 PM (IST)
Updated Date: Mon, 20 Jul 2026 04:10 AM (IST)
ਬਰਸਾਤ ਵਿਚ ਖੱਡੇ ਬਣ ਰਹੇ ਜਾਨਲੇਵਾ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਜੋੜਦੀ ਸਿਤਾਰਪੁਰ ਸੰਪਰਕ ਸੜਕ ਦੀ ਬਦਹਾਲ ਹਾਲਤ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ। ਸੜਕ ਤੇ ਥਾਂ-ਥਾਂ ਪਏ ਡੂੰਘੇ ਖੱਡਿਆਂ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਹਰ ਰੋਜ਼ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਖੱਡਿਆਂ ਵਿਚ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਨੂੰ ਇਹ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਸੜਕ ਕਿੱਥੇ ਹੈ ਅਤੇ ਟੋਆ ਕਿੱਥੇ, ਜਿਸ ਕਾਰਨ ਦੁਪਹੀਆ ਵਾਹਨ ਚਾਲਕਾਂ ਲਈ ਇਹ ਰਸਤਾ ਜਾਨਲੇਵਾ ਸਾਬਤ ਹੋ ਰਿਹਾ ਹੈ। ਪਿੰਡ ਸਿਤਾਰਪੁਰ ਦੇ ਗੁਰਜੰਟ ਸਿੰਘ ਅਤੇ ਰਵਿੰਦਰ ਸਿੰਘ, ਜਦਕਿ ਧਰਮਗੜ੍ਹ ਦੇ ਜਗਤਾਰ ਸਿੰਘ, ਬਲਜੀਤ ਸਿੰਘ, ਜਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸੰਪਰਕ ਸੜਕਾਂ ਦੀ ਮਿਆਦ ਪੁੱਗੇ ਕਰੀਬ ਚਾਰ ਸਾਲ ਹੋ ਚੁੱਕੇ ਹਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਨੇ ਨਾ ਤਾਂ ਸੜਕ ਦਾ ਨਵੀਨੀਕਰਨ ਕਰਵਾਇਆ ਅਤੇ ਨਾ ਹੀ ਟੋਇਆਂ ਦੀ ਮੁਰੰਮਤ ਕੀਤੀ। ਨਤੀਜੇ ਵਜੋਂ ਸੜਕਾਂ ਹੁਣ ਆਪਣੀ ਪਛਾਣ ਗੁਆ ਬੈਠੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਸਿਤਾਰਪੁਰ ਸੰਪਰਕ ਸੜਕਾਂ ਨੂੰ ਤੁਰੰਤ ਨਵੇਂ ਸਿਰੇ ਤੋਂ ਬਣਾਇਆ ਜਾਵੇ ਤਾਂ ਜੋ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਆ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਬਾਕਸ-- ਲੋਕਾਂ ਨੇ ਸਰਕਾਰ ਦੀ ਅਣਦੇਖੀ ਤੇ ਜਤਾਈ ਨਾਰਾਜ਼ਗੀ : ਪਿੰਡ ਵਾਸੀਆਂ ਨੇ ਸਰਕਾਰ ਵੱਲੋਂ ਸਿਤਾਰਪੁਰ ਸੜਕ ਦੀ ਕੀਤੀ ਜਾ ਰਹੀ ਅਣਦੇਖੀ ਤੇ ਨਰਾਜਗੀ ਜਾਹਰ ਕਰਦਿਆਂ ਕਿਹਾ ਕਿ ਕਈ ਵਾਰ ਸਬੰਧਤ ਵਿਭਾਗ ਅਤੇ ਸਰਕਾਰ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਜਾ ਚੁੱਕਾ ਹੈ, ਪਰ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸੜਕ ’ਤੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹੈ। ਬਾਕਸ-- ਭਾਰੀ ਅਤੇ ਓਵਰਲੋਡ ਵਾਹਨਾਂ ਨੇ ਵਿਗਾੜੀ ਹਾਲਤ : ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਲਾਕੇ ਵਿਚ ਕਈ ਉਦਯੋਗਿਕ ਇਕਾਈਆਂ ਹੋਣ ਕਾਰਨ ਭਾਰੀ ਅਤੇ ਓਵਰਲੋਡ ਵਾਹਨਾਂ ਦੀ ਆਵਾਜਾਈ ਦਿਨ-ਰਾਤ ਜਾਰੀ ਰਹਿੰਦੀ ਹੈ। ਇਨ੍ਹਾਂ ਵਾਹਨਾਂ ਨੇ ਪਹਿਲਾਂ ਹੀ ਕਮਜ਼ੋਰ ਹੋ ਚੁੱਕੀ ਸੜਕ ਨੂੰ ਹੋਰ ਤਬਾਹ ਕਰ ਦਿੱਤਾ ਹੈ। ਖੱਡਿਆਂ ਕਾਰਨ ਹਰ ਰੋਜ਼ ਗੱਡੀਆਂ ਖ਼ਰਾਬ ਹੋ ਰਹੀਆਂ ਹਨ ਅਤੇ ਲੋਕ ਜ਼ਖ਼ਮੀ ਹੋ ਰਹੇ ਹਨ। ਪਿੰਡਾਂ ਦੇ ਵਿਦਿਆਰਥੀ, ਨੌਕਰੀਪੇਸ਼ਾ ਲੋਕ, ਕਿਸਾਨ ਅਤੇ ਉਦਯੋਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸਭ ਤੋਂ ਵੱਧ ਇਸ ਸਮੱਸਿਆ ਨਾਲ ਜੂਝ ਰਹੇ ਹਨ। ਬਾਕਸ-- ਕੀ ਕਹਿਣਾ ਹੈ ਪੰਜਾਬ ਮੰਡੀ ਬੋਰਡ ਦੇ ਐੱਸਡੀਓ ਦਾ ? ਪੰਜਾਬ ਮੰਡੀ ਬੋਰਡ ਮੁਹਾਲੀ ਦੇ ਐੱਸਡੀਓ ਪਲਿੰਦਰ ਸਿੰਘ ਨੇ ਦੱਸਿਆ ਕਿ ਸਿਤਾਰਪੁਰ ਵਾਲੀ ਸੰਪਰਕ ਸੜਕ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਵਿਚ ਆਉਂਦੀ ਹੈ ਅਤੇ ਇਸ ਸੜਕ ਦਾ ਟੈਂਡਰ ਹੋ ਚੁੱਕਾ ਹੈ ਅਤੇ ਇਸ ਸੜਕ ਤੇ ਜਲਦ ਹੀ ਕੰਮ ਲੱਗਾ ਦਿੱਤਾ ਜਾਵੇਗਾ।