ਪੰਜਾਬ ਵਿਚ ਨਸ਼ਾ, ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਡਿਗਦੀ ਸਥਿਤੀ ਕਿਸੇ ਤੋਂ ਛੁਪੀ ਨਹੀਂ : ਸੀਐੱਮ ਸੈਣੀ

ਸ਼੍ਰੀ ਗਣੇਸ਼, ਪੰਜਾਬੀ ਜਾਗਰਣ
ਕੁਰਾਲੀ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀਂ ਅਜਿਹੇ ਦੌਰ ਵਿਚ ਖੜ੍ਹੇ ਹਾਂ, ਜਿੱਥੇ ਜਾਗਰੂਕ ਜਨਤਾ ਸਭ ਕੁਝ ਦੇਖ ਰਹੀ ਹੈ, ਸਮਝ ਰਹੀ ਹੈ ਅਤੇ ਆਪਣੇ ਅਨੁਭਵ ਦੇ ਆਧਾਰ ’ਤੇ ਫ਼ੈਸਲਾ ਲੈ ਰਹੀ ਹੈ। ਪੰਜਾਬ ਦੀ ਜਨਤਾ ਨੇ ਪਹਿਲਾਂ ਕਾਂਗਰਸ ਅਤੇ ਫਿਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ। ਉਨ੍ਹਾਂ ਨੇ ਵੱਡੇ-ਵੱਡੇ ਵਾਅਦੇ ਕੀਤੇ, ਪਰ ਪੰਜਾਬ ਦਾ ਹਰ ਵਰਗ ਪੁੱਛ ਰਿਹਾ ਹੈ ਕਿ ਉਹ ਵਾਅਦੇ ਕਿੱਥੇ ਗਏ ਅਤੇ ਉਹ ਬਦਲਾਅ ਕਿੱਥੇ ਹੈ, ਜਿਸ ਦੀ ਗੱਲ ਕੀਤੀ ਗਈ ਸੀ। ਮੁੱਖ ਮੰਤਰੀ ਐਤਵਾਰ ਨੂੰ ਪੰਜਾਬ ਦੇ ਕੁਰਾਲੀ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਖ਼ੁਦ ਨੂੰ ਇਮਾਨਦਾਰੀ ਦਾ ਪ੍ਰਤੀਕ ਦੱਸਦੀ ਹੈ ਪਰ ਇਨ੍ਹਾਂ ਦੇ ਰਾਜ ਵਿਚ ਅੱਜ ਪੰਜਾਬ ਵਿਚ ਨਸ਼ਾ, ਅਪਰਾਧ, ਅਰਾਜਕਤਾ, ਵਿੱਤੀ ਸੰਕਟ ਅਤੇ ਕਾਨੂੰਨ ਵਿਵਸਥਾ ਦੀ ਡਿੱਗਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਇਸ ਦੇ ਉਲਟ, ਭਾਜਪਾ ਅਜਿਹੀ ਪਾਰਟੀ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 'ਸਬਕਾ ਸਾਥ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਦੇ ਨਾਲ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਝੂਠ ਦੇ ਸਹਾਰੇ ਕਦੋਂ ਤੱਕ ਸਿਆਸਤ ਚੱਲੇਗੀ, ਜਦੋਂ ਸੱਚ ਦੀ ਹਵਾ ਆਵੇਗੀ ਤਾਂ ਤਸਵੀਰ ਬਦਲੇਗੀ। ਪੰਜਾਬ ਨੂੰ ਅੱਜ ਅਜਿਹੀ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ, ਜੋ ਸਿਰਫ਼ ਵਾਅਦੇ ਹੀ ਨਾ ਕਰੇ, ਸਗੋਂ ਉਨ੍ਹਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖੇ। ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਫ਼ੈਸਲੇ ਲੈਣ ਤੋਂ ਨਾ ਡਰੇ, ਜੋ ਜਨਤਾ ਦੇ ਹਿੱਤ ਨੂੰ ਸਭ ਤੋਂ ਉੱਪਰ ਰੱਖੇ ਅਤੇ ਦੇਸ਼ ਦੇ ਹਿੱਤ ਵਿਚ ਕੰਮ ਕਰੇ। ਉਨ੍ਹਾਂ ਕਿਹਾ ਕਿ ਹੁਣ ਇਕ ਵਾਰ ਭਾਰਤੀ ਜਨਤਾ ਪਾਰਟੀ ਨੂੰ ਵੀ ਮੌਕਾ ਦਿਓ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਜਨਤਾ ਦੇ ਵਿਸ਼ਵਾਸ ’ਤੇ ਖਰੇ ਉਤਰਾਂਗੇ ਅਤੇ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀ ਚੋਣ ਪੰਜਾਬ ਦੇ ਭਵਿੱਖ ਨੂੰ ਬਦਲਣ ਵਾਲੀ ਹੈ। ਇਹ ਤੁਹਾਡੇ ਬੱਚਿਆਂ ਦੇ ਭਵਿੱਖ ਦੀ ਚੋਣ ਹੈ ਅਤੇ ਹਰ ਖੇਤ-ਖਲਿਆਣ ਦੀ ਖੁਸ਼ਹਾਲੀ ਦੇ ਨਾਲ-ਨਾਲ ਕਾਰੋਬਾਰ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਚੋਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੀ ਇਕ-ਇਕ ਵੋਟ ਇਸ ਬਦਲਾਅ ਦਾ ਆਧਾਰ ਬਣੇਗੀ। ਜਨਤਾ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਬਣਾਏਗਾ ਅਤੇ ਇਕ ਮਜ਼ਬੂਤ ਡਬਲ ਇੰਜਣ ਵਾਲੀ ਭਾਜਪਾ ਸਰਕਾਰ ਪੰਜਾਬ ਨੂੰ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਪੱਸ਼ਟ ਨੀਤੀ, ਨੀਅਤ ਅਤੇ ਵਿਕਾਸ ਪ੍ਰਤੀ ਸਮਰਪਣ ਦੀ ਭਾਵਨਾ ਹੈ। ਇਹੀ ਮਾਡਲ ਪੰਜਾਬ ਵਿਚ ਵੀ ਲਾਗੂ ਕਰ ਕੇ ਪੰਜਾਬ ਨੂੰ ਮੁੜ ਖੁਸ਼ਹਾਲ, ਸੁਰੱਖਿਅਤ ਅਤੇ ਪ੍ਰਗਤੀਸ਼ੀਲ ਬਣਾਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਸਾਡੀ ਡਬਲ ਇੰਜਣ ਵਾਲੀ ਸਰਕਾਰ ਨੇ ਪਿਛਲੇ 11 ਸਾਲਾਂ ਵਿਚ ਜੋ ਕੰਮ ਕੀਤੇ ਹਨ, ਉਹ ਆਮ ਆਦਮੀ ਦੇ ਜੀਵਨ ਵਿਚ ਆਏ ਸਕਾਰਾਤਮਕ ਬਦਲਾਅ ਦੀ ਕਹਾਣੀ ਹਨ। ਸਰਕਾਰ ਨੇ ਪਾਰਦਰਸ਼ੀ ਸ਼ਾਸਨ ਦਿੱਤਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਯੋਜਨਾਵਾਂ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਇਆ। ‘ਪਰਚੀ ਅਤੇ ਖਰਚੀ’ ਦੀ ਪ੍ਰਣਾਲੀ ਨੂੰ ਖ਼ਤਮ ਕਰ ਕੇ ਅਸੀਂ ਲਗਭਗ 2 ਲੱਖ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਹਨ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ ਭੈਣਾਂ-ਧੀਆਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ‘ਦੀਨਦਿਆਲ ਲਾਡੋ ਲਕਸ਼ਮੀ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ 2100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਗ਼ਰੀਬ ਔਰਤਾਂ ਨੂੰ ਆਪਣੀ ਰਸੋਈ ਚਲਾਉਣ ਲਈ ਹਰ ਮਹੀਨੇ ਸਿਰਫ਼ 500 ਰੁਪਏ ਵਿਚ ਗੈਸ ਸਿਲੰਡਰ ਦਿੱਤਾ ਜਾ ਰਿਹਾ ਹੈ। ਇਸ ਤਹਿਤ ਸੂਬੇ ਦੀਆਂ ਕਰੀਬ 14 ਲੱਖ 38 ਹਜ਼ਾਰ ਯੋਗ ਭੈਣਾਂ ਦੇ ਬੈਂਕ ਖਾਤਿਆਂ ਵਿਚ ਕੁੱਲ 243 ਕਰੋੜ ਰੁਪਏ ਦੀ ਰਾਸ਼ੀ ਪਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਕਿਸਾਨਾਂ ਦਾ ਹਿੱਤ ਸਾਡੀਆਂ ਨੀਤੀਆਂ ਦੇ ਕੇਂਦਰ ਵਿਚ ਹੈ। ਹਰਿਆਣਾ ਵਿਚ ਕਿਸਾਨਾਂ ਦੀਆਂ ਸਾਰੀਆਂ 24 ਫ਼ਸਲਾਂ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕੀਤੀ ਜਾ ਰਹੀ ਹੈ।