ਅਮਿੱਟ ਪੈੜਾਂ ਛੱਡ ਗਿਆ ਸੱਭਿਆਚਾਰਕ ਪ੍ਰੋਗਰਾਮ 'ਰੌਣਕਾਂ 2026' ਅਮਿੱਟ ਪੈੜਾਂ ਛੱਡ ਗਿਆ ਸੱਭਿਆਚਾਰਕ ਪ੍ਰੋਗਰਾਮ 'ਰੌਣਕਾਂ 2026'
Publish Date: Sun, 13 Sep 2026 06:52 PM (IST)
Updated Date: Sun, 13 Sep 2026 06:56 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਸਾਹਿਤਕ ਸੱਥ ਖਰੜ ਵੱਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਰੌਣਕਾਂ 2026 ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦੁਪਹਿਰ ਬਾਅਦ ਸ਼ੁਰੂ ਹੋਇਆ ਇਹ ਪ੍ਰੋਗਰਾਮ ਲੋਕ ਗੀਤਾਂ, ਸੱਭਿਆਚਾਰਕ ਵੰਨਗੀਆਂ, ਲੋਕ ਨਾਚ ਗਿੱਧਾ ਤੇ ਭੰਗੜੇ ਦੀ ਧਮਾਲ ਨਾਲ ਸਿਖਰਾਂ ਨੂੰ ਛੂੰਹਦਾ ਹੋਇਆ ਯਾਦਾਂ ਦੀ ਪਟਾਰੀ ਬਣ ਸਮਾਪਤ ਹੋਇਆ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਤਸਵਿੰਦਰ ਸਿੰਘ ਬੜੈਚ ਦੀ ਸੱਭਿਆਚਾਰਕ ਵਿਰਾਸਤੀ ਪ੍ਰਦਰਸ਼ਨੀ ਦੇਖਣ ਵਾਲਿਆਂ ਲਈ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾਉਂਦੀ ਰਹੀ। ਇਸ ਸਮਾਗਮ ਦੇ ਮੁੱਖ ਮਹਿਮਾਨ ਹਰਬੰਸ ਸਿੰਘ ਕੰਧੋਲਾ, ਵਿਸ਼ੇਸ਼ ਮਹਿਮਾਨ ਸੁਭਾਸ਼ ਭਾਸਕਰ, ਪ੍ਰਿੰ: ਜਸਬੀਰ ਸਿੰਘ ਧਨੋਆ ਅਤੇ ਡਾ. ਹਰਮਿੰਦਰ ਸਿੰਘ ਸਨ। ਉਨ੍ਹਾਂ ਦੇ ਨਾਲ ਹੀ ਵਿਸ਼ੇਸ਼ ਤੌਰ ’ਤੇ ਸ਼ੌਕ ਇੰਦਰ ਸਿੰਘ ਕੋਰਾ, ਦਵਿੰਦਰ ਪਾਲ ਸਿੰਘ, ਜੋਰਾ ਸਿੰਘ ਭੁੱਲਰ ਅਤੇ ਗੁਰਮੁੱਖ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ। ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸੱਥ ਦੀ ਗਤੀ ਵਿਧੀਆਂ ਤੇ ਪ੍ਰੋਗਰਾਮ ਬਾਰੇ ਗੱਲਬਾਤ ਕਰਦਿਆਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਪ੍ਰੋਗਰਾਮ ਦਾ ਆਗ਼ਾਜ਼ ਤਰਸੇਮ ਸਿੰਘ ਕਾਲੇਵਾਲ ਦੇ ਧਰਮਿਕ ਗੀਤ ਨਾਲ ਹੋਇਆ। ਇਸ ਪ੍ਰੋਗਰਾਮ ਵਿਚ ਜਿੱਥੇ ਬਾਲ ਕਲਾਕਾਰ ਰੂਹਵਾਣੀ ਸਿੰਘ, ਅਨੰਤ ਮਿਹਰ, ਵੇਦਾਂਸ਼ ਸਿੰਘ ਅਤੇ ਜ਼ੋਰਾਵਰ ਸਿੰਘ ਬੇਦੀ ਵੱਲੋਂ ਗੀਤਾਂ ਤੇ ਵਧੀਆ ਡਾਂਸ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਨਰਿੰਦਰ ਸਿੰਘ ਅਤੇ ਨਰਿੰਦਰ ਕੌਰ ਵੱਲੋਂ ਗੀਤ ’ਤੇ ਵਧੀਆ ਕੋਰਿਓਗ੍ਰਾਫੀ ਪੇਸ਼ ਕੀਤੀ ਗਈ। ਉੱਥੇ ਰੋਮੀ ਕੁਮਾਰ ਵੱਲੋਂ ਬੰਸਰੀ ਤੇ ਵੱਖ-ਵੱਖ ਗੀਤਾਂ ਦੀਆਂ ਧੁੰਨਾਂ ਪੇਸ਼ ਕਰਕੇ ਵਾਹ-ਵਾਹ ਖੱਟੀ ਗਈ। ਗਿੱਧੇ ਦੇ ਪੇਸ਼ਕਾਰੀ ਜੋਤੀ ਸਰੂਪ ਕੰਨਿਆ ਆਸਰਾ ਖਰੜ ਅਤੇ ਭੰਗੜੇ ਦੇ ਪੇਸ਼ਕਾਰੀ ਚੰਨੀ ਸੱਭਿਆਚਾਰਕ ਮੰਚ (ਰਜਿ.) ਮੁਹਾਲੀ ਵੱਲੋਂ ਕੀਤੀ ਗਈ। ਸੱਥ ਵੱਲੋਂ ਸੱਥ ਦੀਆਂ ਗਤੀ ਵਿਧੀਆਂ ਦਰਸਾਉਂਦਾ ਰੰਗੀਨ ਸੋਵੀਨਾਰ ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖ਼ੂਬੀ ਨਿਭਾਇਆ ਗਿਆ। ਸਮਾਗਮ ਦੀ ਸਫ਼ਲਤਾ ਲਈ ਰਾਜਵਿੰਦਰ ਸਿੰਘ ਗੱਡੂ, ਜਸਵਿੰਦਰ ਸਿੰਘ ਕਾਈਨੌਰ, ਹਾਕਮ ਸਿੰਘ ਨੱਤਿਆਂ, ਸੁਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਤਰਸੇਮ ਸਿੰਘ ਕਾਲੇਵਾਲ, ਕੇਸਰ ਸਿੰਘ ਇੰਸਪੈਕਟਰ, ਦਰਸ਼ਨ ਤਿਉਣਾ ਆਦਿ ਦੀ ਮਿਹਨਤ ਕਰਕੇ ਪ੍ਰੋਗਰਾਮ ਸਫ਼ਲ ਹੋ ਨਿਬੜਿਆ।