ਅਨਾਜ ਮੰਡੀ ਦੇ ਵਿਸਥਾਰ ਲਈ ਕੌਂਸਲ ਦੇਵੇਗੀ 10 ਏਕੜ ਜ਼ਮੀਨ ਅਨਾਜ ਮੰਡੀ ਦੇ ਵਿਸਥਾਰ ਲਈ ਕੌਂਸਲ ਦੇਵੇਗੀ 10 ਏਕੜ ਜ਼ਮੀਨ,
Publish Date: Fri, 16 Oct 2026 07:53 PM (IST)
Updated Date: Fri, 16 Oct 2026 07:54 PM (IST)
- ਬੱਸ ਸਟੈਂਡ ਦੇ ਨਿਰਮਾਣ ਕਾਰਜ ਵਿਚ ਵੀ ਆਵੇਗੀ ਤੇਜ਼ੀ, - ਵਿਧਾਇਕ ਰੰਧਾਵਾ ਨੇ ਕੌਂਸਲਰਾਂ ਨੂੰ ਧਿਆਨ ਦੇਣ ਲਈ ਕਿਹਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੀ ਅਹਿਮ ਮੀਟਿੰਗ ਨਗਰ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਆਸ਼ੂ ਉਪਨੇਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਮੇਤ ਸਮੂਹ ਕੌਂਸਲਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਧਨੌਨੀ ਅਨਾਜ ਮੰਡੀ ਦੇ ਵਿਸਥਾਰ, ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਨ, ਨਵੇਂ ਦਫ਼ਤਰ ਦੀ ਉਸਾਰੀ ਅਤੇ ਬੱਸ ਸਟੈਂਡ ਦੀ ਇਮਾਰਤ ਦੇ ਨਿਰਮਾਣ ਸਮੇਤ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦਾ ਸਭ ਤੋਂ ਅਹਿਮ ਫ਼ੈਸਲਾ ਪਿੰਡ ਧਨੌਨੀ ਸਥਿਤ ਅਨਾਜ ਮੰਡੀ ਦੇ ਵਿਸਥਾਰ ਨੂੰ ਲੈ ਕੇ ਲਿਆ ਗਿਆ। ਇਸ ਮੰਡੀ ਵਿਚ ਕਿਸਾਨ ਝੋਨੇ ਅਤੇ ਕਣਕ ਦੀ ਫ਼ਸਲ ਲੈ ਕੇ ਪਹੁੰਚਦੇ ਹਨ, ਪਰ ਜਗ੍ਹਾ ਦੀ ਘਾਟ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਨਗਰ ਕੌਂਸਲ ਦੀ ਲਗਭਗ 10 ਏਕੜ ਜ਼ਮੀਨ ਅਨਾਜ ਮੰਡੀ ਦੇ ਵਿਸਥਾਰ ਲਈ ਦੇਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਕਾਰਜ ’ਤੇ ਹੋਣ ਵਾਲਾ ਸਮੁੱਚਾ ਖ਼ਰਚ ਨਗਰ ਕੌਂਸਲ ਵੱਲੋਂ ਕੀਤਾ ਜਾਵੇਗਾ। ਇਸ ਫ਼ੈਸਲੇ ਨੂੰ ਕਿਸਾਨਾਂ ਦੀਆਂ ਸਹੂਲਤਾਂ ਵਿਚ ਵਾਧਾ ਕਰਨ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਸਫ਼ਾਈ ਕਰਮਚਾਰੀਆਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਤੋਂ ਇਲਾਵਾ ਸ਼ਹਿਰ ਦੇ ਬੱਸ ਸਟੈਂਡ ਦੀ ਇਮਾਰਤ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਗਿਆ, ਤਾਂ ਜੋ ਇਸ ਮਹੱਤਵਪੂਰਨ ਪ੍ਰਾਜੈਕਟ ਨੂੰ ਅੱਗੇ ਵਧਾ ਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਨਗਰ ਕੌਂਸਲ ਦੇ ਨਵੇਂ ਦਫ਼ਤਰ ਦੀ ਉਸਾਰੀ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਫਿਲਹਾਲ ਨਗਰ ਕੌਂਸਲ ਦਾ ਦਫ਼ਤਰ ਸੈਣੀ ਭਵਨ ਵਿਚ ਚੱਲ ਰਿਹਾ ਹੈ। ਇਸ ਦੇ ਨੇੜੇ ਟੈਂਪੂ ਯੂਨੀਅਨ ਵਾਲੀ ਜਗ੍ਹਾ ’ਤੇ ਨਵਾਂ ਦਫ਼ਤਰ ਬਣਾਉਣ ਦਾ ਪ੍ਰਸਤਾਵ ਵੀ ਮੀਟਿੰਗ ਵਿਚ ਰੱਖਿਆ ਗਿਆ। ਇਸ ਮੀਟਿੰਗ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਮੂਹ ਕੌਂਸਲਰਾਂ, ਖ਼ਾਸ ਕਰਕੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਆਪਣੇ-ਆਪਣੇ ਵਾਰਡਾਂ ਦੇ ਵਿਕਾਸ ਕਾਰਜਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਨਸੀਹਤ ਦਿੱਤੀ। ਇਸ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਨੇਪਰੇ ਚਾੜ੍ਹਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ।