ਭਾਗੋਮਾਜਰਾ-ਮੌਜਪੁਰ ਲਿੰਕ ਸੜਕ ਦੀ ਹਾਲਤ ਖ਼ਸਤਾ, ਬਰਸਾਤ ਕਾਰਨ ਲੰਘਣਾ ਹੋਇਆ ਔਖਾ ਭਾਗੋਮਾਜਰਾ-ਮੌਜਪੁਰ ਲਿੰਕ ਸੜਕ ਦੀ ਹਾਲਤ ਖ਼ਸਤਾ,
Publish Date: Tue, 21 Jul 2026 07:04 PM (IST)
Updated Date: Tue, 21 Jul 2026 07:07 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਪਿੰਡ ਵਾਸੀ ਤੇ ਰਾਹਗੀਰ ਕਾਫ਼ੀ ਔਖੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਜ਼ਿਆਦਾਤਰ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਗਈ। ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਬੀਤੇ ਦਿਨੀਂ ਹੋਈ ਬਾਰਿਸ਼ ਦਾ ਪਾਣੀ ਟੁੱਟੀਆਂ ਸੜਕਾਂ ਦੇ ਖੱਡਿਆਂ ’ਚ ਭਰ ਗਿਆ। ਜਿਸ ਕਾਰਲ ਪੈਦਲ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਹੈ ਪਰ ਸੂਬਾ ਸਰਕਾਰ, ਪੰਜਾਬੀ ਮੰਡੀ ਬੋਰਡ, ਪੀਡਬਲਯੂਡੀ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਵੀ ਇਸ ਪਾਸੇ ਧਿਆਨ ਦੇਣ ਲਈ ਰਾਜ਼ੀ ਨਹੀਂ ਹੈ। ਬੀਤੇ ਦਿਨੀਂ ਬਰਸਾਤ ਹੋਣ ਨਾਲ ਇਲਾਕੇ ਦੀਆਂ ਲਿੰਕ ਸੜਕਾਂ ਦੀ ਖ਼ਸਤਾ ਹਾਲਤ ਦਾ ਮੰਜ਼ਰ ਉੱਭਰ ਕੇ ਸਾਹਮਣੇ ਆ ਗਿਆ ਹੈ। ਪਿੰਡ ਭਾਗੋਮਾਜਰਾ ਤੋਂ ਮੌਜਪੁਰ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਡੂੰਘੇ ਖੱਡਿਆਂ ’ਚ ਪਾਣੀ ਭਰਨ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜਪੁਰ ਤੋਂ ਭਾਰਤਪੁਰ, ਭਾਰਤਪੁਰ ਤੋਂ ਚਡਿਆਲਾ, ਗਿੱਦੜਪੁਰ, ਰਾਏਪੁਰ ਕਲਾਂ ਤੋਂ ਸ਼ਾਮਪੁਰ, ਲਾਂਡਰਾਂ-ਬਨੂੜ ਸੜਕ ਤੋਂ ਬਠਲਾਣਾ ਨੂੰ ਜਾਂਦੀ ਸੜਕ ਸਮੇਤ ਹੋਰਨਾਂ ਸੜਕਾਂ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੋ ਚੁੱਕੀ ਹੈ। --------- ਕੋਟਸ ਮੁਹਾਲੀ ਸ਼ਹਿਰ ਸਮੇਤ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਬੇਹੱਦ ਮਾੜੀ ਹਾਲਤ ਹੈ। ਸੜਕਾਂ ਥਾਂ-ਥਾਂ ਤੋਂ ਟੁੱਟ ਚੁੱਕੀਆਂ ਹਨ ਅਤੇ ਡੂੰਘੇ ਖੱਡੇ ਪਏ ਹੋਏ ਹਨ। ਬਰਸਾਤੀ ਪਾਣੀ ਜਮ੍ਹਾਂ ਹੋਣ ਕਰਕੇ ਇਨ੍ਹਾਂ ਸੜਕਾਂ ਤੋਂ ਲੰਘਣ ਵਾਲਿਆਂ ਲਈ ਹਰ ਪਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਿਰਫ਼ ਭਾਗੋਮਾਜਰਾ-ਮੌਜਪੁਰ ਸੜਕ ਹੀ ਨਹੀਂ, ਸਗੋਂ ਹੋਰਨਾਂ ਪਿੰਡਾਂ ਅਤੇ ਮੁੱਖ ਮਾਰਗਾਂ ਦੀ ਹਾਲਤ ਵੀ ਬੇਹੱਦ ਖ਼ਸਤਾ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਦੇ ਖੱਡਿਆਂ ’ਚੋਂ ਲੰਘ ਕੇ ਰੋਜ਼ਾਨਾ ਬੱਚਿਆਂ ਨੂੰ ਸਕੂਲ ਜਾਣਾ ਪੈਂਦਾ ਹੈ। ਕਹਿਣ ਤੋਂ ਭਾਵ ਰਸਤਾ ਕਾਫ਼ੀ ਜੋਖ਼ਮ ਭਰਿਆ ਹੈ। ਬਲਜਿੰਦਰ ਸਿੰਘ ਭਾਗੋਮਾਜਰਾ, ਸਮਾਜ ਸੇਵੀ। ---------- ਕੋਟਸ ਪਿੰਡ ਮੌਜਪੁਰ ਤੋਂ ਭਾਗੋਮਾਜਰਾ ਲਿੰਕ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਪਿੰਡ ਵਾਸੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਲੇਕਿਨ ਹੁਣ ਤੱਕ ਇਨ੍ਹਾਂ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਗਈ। ਜਿਸ ਕਾਰਨ ਪਿੰਡ ਵਾਸੀਆਂ ਸਮੇਤ ਹੋਰਨਾਂ ਰਾਹਗੀਰਾਂ ਲਈ ਕਾਫ਼ੀ ਔਖਾ ਪੈਂਡਾ ਬਣਿਆ ਹੋਇਆ ਹੈ। ਲੋਕਾਂ ਨੂੰ ਸ਼ਹਿਰ ਜਾਣਾ ਤੇ ਨੌਕਰੀਪੇਸ਼ਾ ਵਿਅਕਤੀਆਂ ਨੂੰ ਆਪਣੇ ਦਫ਼ਤਰ ਜਾਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਿੰਕ ਸੜਕਾਂ ਦੀ ਫੌਰੀ ਮੁਰੰਮਤ ਕਰਵਾਈ ਜਾਵੇ। ਗੁਰਪ੍ਰੀਤ ਸਿੰਘ ਪੰਚ, ਪਿੰਡ ਮੌਜਪੁਰ। ----------- ਕੋਟਸ ਪਿੰਡ ਮੌਜਪੁਰ ਪਹੁੰਚ ਸੜਕ ਸਮੇਤ ਹੋਰਨਾਂ ਨੇੜਲੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬਦਤਰ ਬਣੀ ਹੋਈ ਹੈ। ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਅਣਦੇਖੀ ਦੇ ਚੱਲਦਿਆਂ ਇਨ੍ਹਾਂ ਸੜਕਾਂ ਤੋਂ ਲੰਘਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ। ਕਿਸਾਨਾਂ ਤੇ ਆਮ ਨਾਗਰਿਕਾਂ ਨੂੰ ਟੁੱਟੀਆਂ ਸੜਕਾਂ ਰਾਹੀਂ ਸ਼ਹਿਰ ਆਉਣਾ ਜਾਂਦਾ ਪੈਂਦਾ ਹੈ ਤੇ ਰਾਤ ਦੇ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਤੁਰੰਤ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਜਸਵੰਤ ਸਿੰਘ ਪਿੰਡ ਮੌਜਪੁਰ।