ਰਾਜਪੂਤ ਭਾਈਚਾਰੇ ਵੱਲੋਂ ਵੱਡਾ ਇਕੱਠ, ਕੌਂਸਲ ਅਮਲੇ ਵੱਲੋਂ ਗੋਲ-ਮੋਲ ਜਵਾਬ ਮਹਾਰਾਣਾ ਪ੍ਰਤਾਪ ਭਵਨ ਦੀਆਂ ਚਾਬੀਆਂ ਮੰਗਣ ਦਾ ਮਾਮਲਾ ਭਖਿਆ, ਰਾਜਪੂਤ ਭਾਈਚਾਰੇ ਵੱਲੋਂ ਵੱਡਾ ਇਕੱਠ, ਕੌਂਸਲ ਅਮਲੇ ਵੱਲੋਂ ਗੋਲ-ਮੋਲ ਜਵਾਬ
Publish Date: Wed, 23 Sep 2026 06:18 PM (IST)
Updated Date: Wed, 23 Sep 2026 06:21 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਨਗਰ ਕੌਂਸਲ ਲਾਲੜੂ ਦੇ ਦਫ਼ਤਰੀ ਅਮਲੇ ਵੱਲੋਂ ਸਥਾਨਕ ਮਹਾਰਾਣਾ ਪ੍ਰਤਾਪ ਭਵਨ ਦੀਆਂ ਕਥਿਤ ਤੌਰ ’ਤੇ ਚਾਬੀਆਂ ਮੰਗਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਰਾਜਪੂਤ ਭਾਈਚਾਰੇ ਵੱਲੋਂ ਜਿੱਥੇ ਇਸ ਸਬੰਧ ਵਿਚ ਭਵਨ ਅੰਦਰ ਵੱਡਾ ਇਕੱਠ ਕਰ ਕੇ ਚਾਬੀਆਂ ਕੌਂਸਲ ਸਮੇਤ ਕਿਸੇ ਨੂੰ ਵੀ ਨਾ ਸੌਂਪਣ ਦਾ ਮਤਾ ਪਾਸ ਕੀਤਾ ਗਿਆ, ਉੱਥੇ ਹੀ ਨਗਰ ਕੌਂਸਲ ਦਾ ਅਮਲਾ ਇਸ ਮਾਮਲੇ ਵਿਚ ਵੱਖੋ-ਵੱਖਰਾ ਜਵਾਬ ਦੇ ਰਿਹਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਹਾਰਾਣਾ ਪ੍ਰਤਾਪ ਭਵਨ ਦੇ ਪ੍ਰਧਾਨ ਸੰਜੀਵ ਕੁਮਾਰ ਰਾਣਾ ਤੇ ਜਨਰਲ ਸਕੱਤਰ ਮਾਸਟਰ ਮੋਹਨ ਸਿੰਘ ਨੇ ਦੱਸਿਆ ਉਨ੍ਹਾਂ ਕੋਲ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਚਾਬੀਆਂ ਕੌਂਸਲ ਨੂੰ ਸੌਂਪਣ ਸਬੰਧੀ ਫੋਨ ਆਇਆ ਸੀ ਪਰ ਉਨ੍ਹਾਂ ਇਹ ਮਸਲਾ ਸਮੂਹ ਰਾਜਪੂਤ ਭਾਈਚਾਰੇ ਅੱਗੇ ਰੱਖਣ ਦਾ ਫ਼ੈਸਲਾ ਲਿਆ। ਇਕੱਠ ਉਪਰੰਤ ਦੋਵੇਂ ਅਹੁਦੇਦਾਰਾਂ ਨੇ ਕਿਹਾ ਕਿ ਕਰੀਬ ਵੀਹ ਸਾਲ ਪਹਿਲਾਂ ਬਣਾਉਣਾ ਸ਼ੁਰੂ ਕੀਤੇ ਗਏ ਇਸ ਭਵਨ ਵਾਲੀ ਥਾਂ ਉੱਤੇ ਦਸ-ਪੰਦਰਾਂ ਫੁੱਟ ਡੂੰਘਾ ਤਾਲਾਬ ਸੀ, ਜੋ ਉਸ ਸਮੇਂ ਦੇ ਰਾਜਪੂਤ ਭਾਈਚਾਰੇ ਦੇ ਮੋਹਤਬਰਾਂ ਨੇ ਆਪਣੇ ਸਥਾਨਕ ਤੇ ਗੁਆਂਢ ਵਾਲੇ ਭਾਈਚਾਰੇ ਤੋਂ ਇੱਕ-ਇੱਕ ਰੁਪਈਆ ਇਕੱਠਾ ਕਰ ਕੇ ਭਰਿਆ ਸੀ। ਇਸ ਉਪਰੰਤ ਸਾਰੀ ਜ਼ਮੀਨ ਨੂੰ ਪੱਧਰਾ ਕੀਤਾ ਗਿਆ। ਰਾਜਪੂਤ ਭਾਈਚਾਰੇ ਦੇ ਮੋਹਤਬਰਾਂ ਨੇ ਆਪਣੇ ਨਿੱਜੀ ਤੇ ਸਿਆਸੀ ਰਸੂਖ ਨੂੰ ਵਰਤ ਕੇ ਇਸ ਥਾਂ ਉੱਤੇ ਵੱਡਾ ਹਾਲ ਬਣਵਾਇਆ। ਭਵਨ ਲਈ ਬਣੀ ਕਮੇਟੀ ਜਿੱਥੇ ਸ਼ੁਰੂ ਤੋਂ ਇਸ ਭਵਨ ਦੀ ਬਿਜਲੀ ਦਾ ਬਿੱਲ ਖ਼ੁਦ ਭਰ ਰਹੀ ਹੈ, ਉੱਥੇ ਹੀ ਇਸ ਥਾਂ ਉੱਤੇ ਪਏ ਨਿੱਜੀ ਵਿਵਾਦ ਵੀ ਖ਼ੁਦ ਲੜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਾਰ ਵਾਲੀ ਸਰਕਾਰ ਇਕ ਛੋਟਾ ਅਧੂਰਾ ਹਾਲ ਬਣਾ ਕੇ ਸਾਰੇ ਭਵਨ ਨੂੰ ਕਬਜ਼ਾਉਣ ਉੱਤੇ ਤੁਲ ਗਈ ਹੈ, ਜੋ ਕਿ ਰਾਜਪੂਤ ਭਾਈਚਾਰੇ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕੌਂਸਲ ਤੇ ਸਰਕਾਰ ਦੇ ਇਸ ਰਵੱਈਏ ਕਾਰਨ ਰਾਜਪੂਤ ਭਾਈਚਾਰੇ ਵਿਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਭਨਾਂ ਦੇ ਜਵਾਬ ਵੱਖੋ-ਵੱਖਰੇ ਸਨ। ਨਗਰ ਕੌਂਸਲ ਦੇ ਪ੍ਰਧਾਨ ਜ਼ੋਰਾਵਰ ਸਿੰਘ ਨੇ ਜਿੱਥੇ ਚਾਬੀਆਂ ਨਾ ਮੰਗੇ ਜਾਣ ਦੀ ਗੱਲ ਕਹਿ ਕੇ ਇਸ ਨੂੰ ਮਹਾਰਾਣਾ ਪ੍ਰਤਾਪ ਕਮੇਟੀ ਦਾ ਅੰਦਰੂਨੀ ਮਸਲਾ ਦੱਸਿਆ, ਉੱਥੇ ਨਗਰ ਕੌਂਸਲ ਦੇ ਐੱਸਡੀਓ-ਕਮ-ਐੱਮਈ ਹਰਦੀਪ ਸਿੰਘ ਨੇ ਕਿਹਾ ਕਿ ਇਹ ਮਾਮਲਾ ਇੰਸਪੈਕਟਰ ਲਖਵਿੰਦਰ ਸਿੰਘ ਵੇਖ ਰਹੇ ਹਨ। ਇਸ ਉਪਰੰਤ ਜਦੋਂ ਇੰਸਪੈਕਟਰ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚਾਬੀਆਂ ਲੈਣ ਸਬੰਧੀ ਕੋਈ ਮਸਲਾ ਨਹੀਂ ਹੈ ਤੇ ਨਗਰ ਕੌਂਸਲ ਦੇ ਹਾਊਸ ਨੇ ਕੌਂਸਲ ਦੀ ਜ਼ਮੀਨ ਉੱਪਰ ਬਣੀਆਂ ਸਾਰੀਆਂ ਇਮਾਰਤਾਂ ਵਿਚ ਹੁੰਦੇ ਪ੍ਰੋਗਰਾਮਾਂ ਦੀ ਫੀਸ ਤੈਅ ਕਰਨ ਲਈ ਮਤਾ ਪਾਇਆ ਹੈ। ਇਸ ਦੌਰਾਨ ਜਦੋਂ ਇਸ ਭਵਨ ਦੇ ਹੁਣ ਤੱਕ ਬਣਨ ਤੇ ਰੱਖ-ਰਖਾਅ ਉੱਤੇ ਹੋਏ ਖਰਚੇ ਸਬੰਧੀ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਪਾਏ।