ਸੁਸਾਇਟੀ ਵਾਸੀਆਂ ਦਾ ਫੁੱਟਿਆ ਗੁੱਸਾ, ਬਿਲਡਰ ਖ਼ਿਲਾਫ਼ ਲਾਇਆ ਧਰਨਾ ਸੁਸਾਇਟੀ ਦੇ ਨਿਵਾਸੀਆਂ ਦਾ ਫੁੱਟਿਆ ਗੁੱਸਾ, ਬਿਲਡਰ ਖ਼ਿਲਾਫ਼ ਲਾਇਆ ਰੋਸ ਧਰਨਾ
Publish Date: Sun, 19 Jul 2026 09:52 PM (IST)
Updated Date: Mon, 20 Jul 2026 04:10 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਿੰਘਪੁਰਾ ਚੌਕ ਸਥਿਤ ਅਲਤੂਰਾ ਸੁਸਾਇਟੀ ਦੇ ਨਿਵਾਸੀਆਂ ਦੇ ਸਬਰ ਦਾ ਬੰਨ੍ਹ ਆਖਰਕਾਰ ਟੁੱਟ ਗਿਆ। ਲੰਬੇ ਸਮੇਂ ਤੋਂ ਬਿਲਡਰ ਦੇ ਢਿੱਲੇ ਰਵੱਈਏ ਅਤੇ ਝੂਠੇ ਭਰੋਸਿਆਂ ਤੋਂ ਪਰੇਸ਼ਾਨ ਹੋ ਕੇ ਅੱਜ ਸੁਸਾਇਟੀ ਦੇ ਲੋਕਾਂ ਨੇ ਮੁੱਖ ਗੇਟ ਤੇ ਇਕੱਠੇ ਹੋ ਕੇ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਵਿਰੋਧ ਦਰਜ ਕਰਵਾਇਆ। ਨਿਵਾਸੀਆਂ ਦਾ ਦੋਸ਼ ਹੈ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਬਿਲਡਰ ਸਿਰਫ਼ ਲਾਅਰੇ ਲਾ ਰਿਹਾ ਹੈ, ਜਦਕਿ ਜ਼ਮੀਨੀ ਪੱਧਰ ਤੇ ਕੋਈ ਕੰਮ ਨਹੀਂ ਹੋਇਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰੇਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭੋਪਾਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਇਸ ਸਮੇਂ ਬੁਨਿਆਦੀ ਢਾਂਚੇ ਦੀ ਬਦਹਾਲੀ ਨਾਲ ਜੂਝ ਰਹੀ ਹੈ। ਉਨ੍ਹਾਂ ਮੁੱਖ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਟਰਸਟ ਫ੍ਰੀ ਮੇਨਟੇਨੈਂਸ ਸਕਿਉਰਿਟੀ ਦੀ ਵਾਪਸੀ ਨਾ ਹੋਣਾ, ਪੀਣ ਵਾਲੇ ਪਾਣੀ ਦੀ ਬੇਹੱਦ ਖ਼ਰਾਬ ਗੁਣਵੱਤਾ, ਸੀਵਰੇਜ ਟਰੀਟਮੈਂਟ ਪਲਾਂਟ ਦਾ ਬੰਦ ਪੈਣਾ ਅਤੇ ਫਾਇਰ ਫਾਈਟਿੰਗ ਸਿਸਟਮ ਦਾ ਕੰਮ ਨਾ ਕਰਨਾ ਨਿਵਾਸੀਆਂ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ। ਇਨ੍ਹਾਂ ਖ਼ਾਮੀਆਂ ਕਾਰਨ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਮੌਕੇ ਉਪ-ਪ੍ਰਧਾਨ ਅਨੀਤਾ ਤ੍ਰਿਪਾਠੀ, ਸਕੱਤਰ ਅਮਿਤ ਬੰਟਾ, ਸੰਯੁਕਤ ਸਕੱਤਰ ਵਿਕਾਸ ਜਸਵਾਲ, ਖ਼ਜ਼ਾਨਚੀ ਰਮੇਸ਼ ਜਾਂਗੜਾ ਸਮੇਤ ਅਸ਼ਵਨੀ ਕੋਟਰਾ, ਕੇਕੇ ਪਾਸੀ, ਸੁਰਿੰਦਰ ਬਹਿਲ, ਸੁਰਿੰਦਰ ਮਲਿਕ, ਵਿਭੋਰ ਡਿਮਰੀ, ਅਨਿਲ ਭੱਟ, ਜੋਗਿੰਦਰ ਛਾਬੜਾ, ਕਪਿਲ ਵਸ਼ਸ਼ਿਟ, ਦੀਪਕ ਛਾਬੜਾ, ਮੁਕੇਸ਼ ਕੁਮਾਰ, ਕੀਕੂ ਉਪਾਧਿਆਏ, ਸੰਜੀਵ ਗੁਪਤਾ, ਭਾਰਤ ਸਕਸੈਨਾ, ਸੌਰਭ ਚੁੱਘ ਅਤੇ ਗੁਰਦੀਪ ਸਿੰਘ ਸੇਠੀ ਪ੍ਰਮੁੱਖ ਤੌਰ ਤੇ ਹਾਜ਼ਰ ਸਨ। ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਬਾਕਸ-- ਬਿਲਡਰ ਤਾਰਿਲ ਸਿੰਗਲਾ ਨੇ ਨਕਾਰੇ ਦੋਸ਼ : ਅਲਤੂਰਾ ਪ੍ਰੋਜੈਕਟ ਦੇ ਬਿਲਡਰ ਤਾਰਿਲ ਸਿੰਗਲਾ ਨੇ ਵਸਨੀਕਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੁਸਾਇਟੀ ਦਾ ਹੈਂਡਓਵਰ ਐੱਸਡੀਐੱਮ ਡੇਰਾਬੱਸੀ ਦੀ ਨਿਗਰਾਨੀ ਹੇਠ ਆਰਡਬਲਯੂਏ ਨੂੰ ਸੌਂਪਿਆ ਗਿਆ ਸੀ। ਉਸ ਸਮੇਂ ਐੱਸਟੀਪੀ ਅਤੇ ਫਾਇਰ ਸਿਸਟਮ ਬਿਲਕੁਲ ਚਾਲੂ ਸਨ, ਜਿਸਦੀ ਦੇਖਭਾਲ ਹੁਣ ਆਰਡਬਲਯੂਏ ਦੀ ਜ਼ਿੰਮੇਵਾਰੀ ਹੈ। ਸਿੰਗਲਾ ਨੇ ਦਾਅਵਾ ਕੀਤਾ ਕਿ ਬਿਲਡਰ ਵੱਲੋਂ ਕੋਈ ਬਕਾਇਆ ਨਹੀਂ ਹੈ, ਸਗੋਂ ਵਸਨੀਕਾਂ ਵੱਲ ਹੀ ਕਰੀਬ 2 ਕਰੋੜ ਰੁਪਏ ਦੀ ਮੇਨਟੇਨੈਂਸ ਰਕਮ ਬਕਾਇਆ ਖੜ੍ਹੀ ਹੈ।