ਪਿੰਡ ਰਾਮਪੁਰ ਬਹਾਲ 'ਚ ਖ਼ਤਰਨਾਕ ਲੋਮੜੀ ਦਾ ਆਤੰਕ ਪਿੰਡ ਰਾਮਪੁਰ ਬਹਾਲ 'ਚ ਖ਼ਤਰਨਾਕ ਲੋਮੜੀ ਦਾ ਆਤੰਕ, ਕਈ ਲੋਕਾਂ 'ਤੇ ਕੀਤਾ ਹਮਲਾ ; ਪਿੰਡ ਵਾਸੀਆਂ ਨੇ ਘੇਰ ਕੇ ਮਾਰਿਆ
Publish Date: Fri, 02 Oct 2026 08:41 PM (IST)
Updated Date: Fri, 02 Oct 2026 08:43 PM (IST)
-ਕਈ ਲੋਕਾਂ ’ਤੇ ਕੀਤਾ ਹਮਲਾ, ਪਿੰਡ ਵਾਸੀਆਂ ਨੇ ਘੇਰ ਕੇ ਮਾਰਿਆ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਨੇੜਲੇ ਪਿੰਡ ਰਾਮਪੁਰ ਬਹਾਲ ਵਿਖੇ ਸ਼ਾਮ ਸਮੇਂ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਆਦਮਖੋਰ ਵਾਂਗ ਹਮਲਾਵਰ ਹੋਈ ਖ਼ਤਰਨਾਕ ਲੋਮੜੀ ਨੇ ਪਿੰਡ ਵਿਚ ਦਾਖ਼ਲ ਹੋ ਕੇ ਲੋਕਾਂ ਤੇ ਅਚਾਨਕ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਸ਼ਾਮ ਲਗਭਗ 5:00 ਵਜੇ ਇਹ ਘਟਨਾ ਵਾਪਰੀ, ਜਦੋਂ ਲੋਮੜੀ ਨੇ ਪਿੰਡ ਦੀਆਂ ਗਲੀਆਂ ਅਤੇ ਘਰਾਂ ਬਾਹਰ ਮੌਜੂਦ ਅੱਧਾ ਦਰਜਨ ਦੇ ਕਰੀਬ ਵਿਅਕਤੀਆਂ ਅਤੇ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪਿੰਡ ਦੇ ਵਸਨੀਕ ਐਡਵੋਕੇਟ ਅਸ਼ੋਕ ਰਾਣਾ ਅਤੇ ਲਛਮਨ ਸਿੰਘ ਨੇ ਦੱਸਿਆ ਕਿ ਅਚਾਨਕ ਹੋਏ ਇਸ ਹਮਲੇ ਤੋਂ ਬਾਅਦ ਪੂਰੇ ਪਿੰਡ ਵਿਚ ਅਫਰਾ-ਤਫਰੀ ਮਚ ਗਈ ਅਤੇ ਚੀਕ-ਚਿਹਾਰਾ ਪੈ ਗਿਆ। ਲੋਮੜੀ ਦੇ ਆਤੰਕ ਨੂੰ ਦੇਖਦਿਆਂ ਪਿੰਡ ਵਿਚ ਰੌਲਾ ਪੈ ਗਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਠੇ ਹੋ ਗਏ। ਲੋਕਾਂ ਨੇ ਦਲੇਰੀ ਦਿਖਾਉਂਦੇ ਹੋਏ ਖ਼ਤਰਨਾਕ ਹੋ ਚੁੱਕੀ ਲੋਮੜੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਉਸ ਨੂੰ ਮੌਕੇ ਤੇ ਹੀ ਮਾਰ ਦਿੱਤਾ। ਲੋਮੜੀ ਦੇ ਮਾਰੇ ਜਾਣ ਤੋਂ ਬਾਅਦ ਹੀ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਇਕ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਲੋਮੜੀ ਨੇ ਹਮਲਾ ਕਰਕੇ ਪਿੰਡ ਰਾਮਪੁਰ ਬਹਾਲ ਦੇ ਅਨਿਲ ਸ਼ਰਮਾ, ਰਾਮਕਲੀ, ਸੁਨੀਤਾ, ਕੁਸਮ ਦੇਵੀ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਫਿਲਹਾਲ ਸਾਰੇ ਜ਼ਖ਼ਮੀ ਉੱਥੇ ਜ਼ੇਰੇ ਇਲਾਜ ਹਨ। ਡਾਕਟਰਾਂ ਮੁਤਾਬਕ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਪਰ ਜੰਗਲੀ ਜਾਨਵਰ ਦੇ ਕੱਟਣ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਐਂਟੀ-ਰੇਬੀਜ਼ ਟੀਕੇ ਲਗਾਏ ਜਾ ਰਹੇ ਹਨ। ਤਿੰਨ ਜ਼ਖ਼ਮੀਆਂ ਨੂੰ ਛੇ ਫੇਸ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਲੋਕ ਕਿਸੇ ਵਿਅਕਤੀ ਦੀ ਮੌਤ ਹੋਣ ਕਾਰਨ ਸ਼ਮਸ਼ਾਨਘਾਟ ਜਾ ਰਹੇ ਸਨ ਤਾਂ ਇਕ ਖ਼ਤਰਨਾਕ ਲੋਮੜੀ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਲੋਮੜੀ ਨੂੰ 10 ਦਿਨ ਪਹਿਲਾਂ ਪਿੰਡ ਦੇ ਨੇੜੇ ਦੇਖਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਨੇੜਲੇ ਜੰਗਲੀ ਖੇਤਰਾਂ ਤੇ ਨਜ਼ਰ ਰੱਖੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੇ ਜੰਗਲੀ ਜਾਨਵਰਾਂ ਦੇ ਪਿੰਡਾਂ ਵਿਚ ਦਾਖ਼ਲ ਹੋਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।