ਤੀਆਂ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ ਤੀਆਂ ਦਾ ਤਿਉਹਾਰ ਰਵਾਇਤੀ ਢੰਗ ਨਾਲ ਮਨਾਇਆ
Publish Date: Fri, 14 Aug 2026 08:10 PM (IST)
Updated Date: Sat, 15 Aug 2026 04:06 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਫੇਜ਼ 3ਬੀ-2 ਦੀਆਂ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ, ਲੋਕ ਵਿਰਸੇ ਅਤੇ ਪੁਰਾਤਨ ਰਵਾਇਤਾਂ ਨੂੰ ਜਿਊਂਦਾ ਰੱਖਣ ਦੇ ਉਦੇਸ਼ ਨਾਲ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ, ਚਾਅ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਰੀਤੂ ਕਪਿਲਾ ਅਤੇ ਮਨੀਲਾ ਤੋਖੀ ਦੀ ਦੇਖ-ਰੇਖ ਵਿਚ ਕਰਵਾਏ ਗਏ ਇਸ ਸਮਾਗਮ ਮੌਕੇ ਇਲਾਕੇ ਦੀਆਂ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਤਿਉਹਾਰ ਨੂੰ ਯਾਦਗਾਰੀ ਬਣਾਇਆ। ਤਿਉਹਾਰ ਦੇ ਸਮਾਗਮ ਦੌਰਾਨ ਢੋਲ ਦੇ ਥਾਪ ਅਤੇ ਡੀਜੇ ਦੀਆਂ ਪੰਜਾਬੀ ਧੁਨਾਂ ਨਾਲ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਰੰਗ ਵਿਚ ਰੰਗਿਆ ਨਜ਼ਰ ਆਇਆ। ਢੋਲ ਦੀ ਤਾਲ ’ਤੇ ਮੁਟਿਆਰਾਂ ਨੇ ਖੁਸ਼ੀ ਅਤੇ ਉਤਸ਼ਾਹ ਨਾਲ ਲੋਕ ਨਾਚ ਗਿੱਧਾ ਪੇਸ਼ ਕੀਤਾ। ਗਿੱਧੇ ਦੌਰਾਨ ਮੁਟਿਆਰਾਂ ਨੇ ਪੰਜਾਬੀ ਬੋਲੀਆਂ ਪਾ ਕੇ ਆਪਣੀ ਕਲਾ ਅਤੇ ਸੱਭਿਆਚਾਰਕ ਵਿਰਾਸਤ ਦਾ ਖ਼ੂਬਸੂਰਤ ਪ੍ਰਦਰਸ਼ਨ ਕੀਤਾ। ਬੋਲੀਆਂ ਵਿਚ ਪੰਜਾਬੀ ਜੀਵਨ, ਰਿਸ਼ਤਿਆਂ, ਤਿਉਹਾਰਾਂ ਅਤੇ ਸਮਾਜਿਕ ਰੰਗਾਂ ਦੀ ਝਲਕ ਦੇਖਣ ਨੂੰ ਮਿਲੀ। ਗਿੱਧੇ ਦੀ ਪੇਸ਼ਕਾਰੀ ਦੌਰਾਨ ਮੁਟਿਆਰਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਪਹਿਨ ਕੇ ਪੰਜਾਬੀ ਮੁਟਿਆਰ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਰੰਗ-ਬਰੰਗੇ ਸੂਟ, ਫੁਲਕਾਰੀ ਦੁਪੱਟੇ, ਪਰਾਂਦੇ ਅਤੇ ਰਵਾਇਤੀ ਗਹਿਣਿਆਂ ਨਾਲ ਸਜੀਆਂ ਮੁਟਿਆਰਾਂ ਜਦੋਂ ਢੋਲ ਦੀ ਤਾਲ ’ਤੇ ਗਿੱਧੇ ਦੇ ਪਿੜ ਵਿਚ ਉਤਰੀਆਂ ਤਾਂ ਸਮਾਗਮ ਦਾ ਮਾਹੌਲ ਹੋਰ ਵੀ ਖੁਸ਼ਗਵਾਰ ਅਤੇ ਜੋਸ਼ੀਲਾ ਹੋ ਗਿਆ। ਇਕ-ਦੂਜੇ ਨਾਲ ਮਿਲ ਕੇ ਬੋਲੀਆਂ ਪਾਉਂਦੀਆਂ ਅਤੇ ਤਾਲ ਨਾਲ ਤਾਲ ਮਿਲਾਉਂਦੀਆਂ ਮੁਟਿਆਰਾਂ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਡੀਜੇ ’ਤੇ ਵੱਜਦੇ ਪੰਜਾਬੀ ਲੋਕ ਗੀਤਾਂ ਅਤੇ ਸੱਭਿਆਚਾਰਕ ਧੁਨਾਂ ਨੇ ਸਮਾਗਮ ਵਿਚ ਹੋਰ ਰੌਣਕ ਭਰ ਦਿੱਤੀ। ਮੁਟਿਆਰਾਂ ਨੇ ਪੰਜਾਬੀ ਗੀਤਾਂ ’ਤੇ ਨੱਚ ਕੇ ਖੁਸ਼ੀ ਸਾਂਝੀ ਕੀਤੀ ਅਤੇ ਆਪਸੀ ਪਿਆਰ, ਸਾਂਝ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਸਮਾਗਮ ਦੌਰਾਨ ਵੱਡੀ ਉਮਰ ਦੀਆਂ ਔਰਤਾਂ ਨੇ ਵੀ ਪੁਰਾਣੀਆਂ ਪੰਜਾਬੀ ਰਵਾਇਤਾਂ ਅਤੇ ਤਿਉਹਾਰਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਮੁਟਿਆਰਾਂ ਨੇ ਕਿਹਾ ਕਿ ਅਜੋਕੇ ਆਧੁਨਿਕ ਦੌਰ ਵਿਚ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਗਿੱਧਾ, ਬੋਲੀਆਂ ਅਤੇ ਪੰਜਾਬੀ ਲੋਕ-ਗੀਤ ਸਾਡੀ ਅਮੀਰ ਸੱਭਿਆਚਾਰਕ ਪਛਾਣ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਲੋਕ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਆਪਸੀ ਸਾਂਝ ਅਤੇ ਭਾਈਚਾਰਕ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।