- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਸਿਰਫ਼ ਕਲਾਸਰੂਮ ਵਿੱਚ ਕਿਤਾਬੀ ਗਿਆਨ ਦੇਣ ਵਾਲੇ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿੱਤਰ, ਸੰਸਕਾਰ ਅਤੇ ਭਵਿੱਖ ਨੂੰ ਘੜਨ ਵਾਲੇ ਮੌਨ ਰਾਸ਼ਟਰ ਨਿਰਮਾਤਾ ਹਨ। ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਸਿਰਫ਼ ਪ੍ਰੀਖਿਆਵਾਂ ਲਈ ਤਿਆਰ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਹੋਣਾ ਚਾਹੀਦਾ ਹੈ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਅਧਿਆਪਕ ਸਿਰਫ਼ ਕਲਾਸਰੂਮ ਵਿੱਚ ਕਿਤਾਬੀ ਗਿਆਨ ਦੇਣ ਵਾਲੇ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿੱਤਰ, ਸੰਸਕਾਰ ਅਤੇ ਭਵਿੱਖ ਨੂੰ ਘੜਨ ਵਾਲੇ ਮੌਨ ਰਾਸ਼ਟਰ ਨਿਰਮਾਤਾ ਹਨ। ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਸਿਰਫ਼ ਪ੍ਰੀਖਿਆਵਾਂ ਲਈ ਤਿਆਰ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਹੋਣਾ ਚਾਹੀਦਾ ਹੈ।
ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦਿਆਂ ਕਿਹਾ ਕਿ ਅਧਿਆਪਕ ਦਿਵਸ ਅਧਿਆਪਕਾਂ ਦੇ ਉਸ ਅਮੁੱਲ ਯੋਗਦਾਨ ਨੂੰ ਨਮਨ ਕਰਨ ਦਾ ਮੌਕਾ ਹੈ, ਜਿਸ ਰਾਹੀਂ ਵਿਅਕਤੀ, ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੇ ਗੁਰੂ ਵਸ਼ਿਸ਼ਠ ਅਤੇ ਆਚਾਰਿਆ ਚਾਣਕਿਆ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਸੱਚਾ ਅਧਿਆਪਕ ਵਿਦਿਆਰਥੀਆਂ ਵਿੱਚ ਗਿਆਨ ਦੇ ਨਾਲ-ਨਾਲ ਚਰਿੱਤਰ, ਸੰਸਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦਾ ਹੈ।
ਕਟਾਰੀਆ ਨੇ ਅਧਿਆਪਕਾਂ ਨੂੰ ਹੁਨਰ-ਆਧਾਰਿਤ ਸਿੱਖਿਆ ’ਤੇ ਜ਼ੋਰ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ, ਰਚਨਾਤਮਕਤਾ, ਸਮੱਸਿਆ ਹੱਲ ਕਰਨ ਦੀ ਸਮਰੱਥਾ, ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਵਿਕਸਿਤ ਕਰਨਾ ਜ਼ਰੂਰੀ ਹੈ।
ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ, ਨਵੀਨਤਾ ਅਤੇ ਸਮਰਪਣ ਲਈ 16 ਅਧਿਆਪਕਾਂ ਨੂੰ ਰਾਜ ਪੁਰਸਕਾਰ ਅਤੇ ਛੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ ਸੇਂਟ ਜੋਸਫ਼ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-44 ਦੀ ਪ੍ਰਿੰਸੀਪਲ ਮੋਨਿਕਾ ਚਾਵਲਾ ਅਤੇ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼, ਸੈਕਟਰ-18 ਦੇ ਡਾ. ਰਮੇਸ਼ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਸਾਲ 2025 ਵਿੱਚ ਰਾਸ਼ਟਰੀ ਅਧਿਆਪਕ ਪੁਰਸਕਾਰ ਜੇਤੂ ਪਰਵੀਨ ਕੁਮਾਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਲਈ ਸਕੂਲ ਸਿੱਖਿਆ ਵਿਭਾਗ ਦੀ ਡਿਪਟੀ ਡਾਇਰੈਕਟਰ ਬਿੰਦੂ ਅਰੋੜਾ ਨੂੰ ਵਿਭਾਗ ਵਿੱਚ 36 ਸਾਲ ਸੇਵਾਵਾਂ ਦੇਣ ਲਈ ‘ਲਾਈਫਟਾਈਮ ਕੰਟਰੀਬਿਊਸ਼ਨ ਟੂ ਸਕੂਲ ਐਜੂਕੇਸ਼ਨ ਐਵਾਰਡ’ ਪ੍ਰਦਾਨ ਕੀਤਾ ਗਿਆ। ਗਵਰਨਮੈਂਟ ਮਾਡਲ ਹਾਈ ਸਕੂਲ, ਮਲੋਆ ਕਲੋਨੀ ਦੇ ਟੀਜੀਟੀ ਸਾਇੰਸ ਅਧਿਆਪਕ ਰਵੀ ਕੁਮਾਰ ਜੈਸਵਾਲ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ-2026 ਲਈ ਚੁਣੇ ਜਾਣ ’ਤੇ ਸਨਮਾਨਿਤ ਕੀਤਾ ਗਿਆ। ਪ੍ਰਸ਼ਾਸਕ ਨੇ ਕਿਹਾ ਕਿ ਹਰ ਕਿਸੇ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।