ਰੇਲਗੱਡੀ ਦਾ ਫ਼ਾਇਦਾ ਉਠਾ ਕੇ ਕਰਿਆਨਾ ਸਟੋਰ ’ਚੋਂ ਢੇਡ ਲੱਖ ਦੀ ਚੋਰੀ, ਘਟਨਾ ਸੀਸੀਟੀਵੀ ’ਚ ਕੈਦ ਰੇਲਗੱਡੀ ਦਾ ਫ਼ਾਇਦਾ ਉਠਾ ਕੇ ਕਰਿਆਨਾ ਸਟੋਰ ’ਚੋਂ ਢੇਡ ਲੱਖ ਦੀ ਚੋਰੀ,
Publish Date: Sun, 20 Sep 2026 08:11 PM (IST)
Updated Date: Mon, 21 Sep 2026 04:10 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਲੰਘਦੀ ਰੇਲਗੱਡੀ ਦੇ ਸ਼ੋਰ ਦਾ ਫ਼ਾਇਦਾ ਉਠਾਉਂਦੇ ਹੋਏ ਤਿੰਨ ਚੋਰਾਂ ਵੱਲੋਂ ਡੇਰਾਬੱਸੀ ਵਿਖੇ ਰੇਲਵੇ ਕਰਾਸਿੰਗ ਦੇ ਨੇੜੇ ਸਥਿਤ ਇਕ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਨਕਦੀ ਸਮੇਤ ਲਗਭਗ ਢੇਡ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਵਾਰਦਾਤ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪੁਨੀਤ ਕਰੀਆਨਾ ਸਟੋਰ ਦੇ ਮਾਲਕ ਪੁਨੀਤ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ, ਜੋ ਕਿ ਦੁਕਾਨ ਦੇ ਬਿਲਕੁਲ ਪਿੱਛੇ ਹੀ ਸਥਿਤ ਹੈ। ਤੜਕੇ ਸਵੇਰੇ ਲਗਭਗ 4 ਵਜੇ ਜਦੋਂ ਉਸਨੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਅੰਦਰ ਜਾਣ ਤੇ ਸਾਰਾ ਸਾਮਾਨ ਖਿੰਡਿਆ ਪਿਆ ਸੀ ਅਤੇ ਨਕਦੀ ਵਾਲਾ ਡੱਬਾ (ਕੈਸ਼ ਬਾਕਸ) ਗਾਇਬ ਸੀ। ਦੁਕਾਨਦਾਰ ਅਨੁਸਾਰ ਕੈਸ਼ ਬਾਕਸ ਵਿਚ ਲਗਭਗ 60 ਹਜ਼ਾਰ ਰੁਪਏ ਦੀ ਨਕਦੀ ਸੀ, ਜਦਕਿ ਚੋਰ 70 ਹਜ਼ਾਰ ਰੁਪਏ ਦੀ ਕੀਮਤ ਦਾ ਹੋਰ ਸਾਮਾਨ ਵੀ ਚੋਰੀ ਕਰ ਕੇ ਲੈ ਗਏ। ਕੁੱਲ ਮਿਲਾ ਕੇ ਲਗਭਗ ਢੇਡ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਚੋਰਾਂ ਵਲੋਂ ਲਿਜਾਇਆ ਗਿਆ ਖਾਲੀ ਕੈਸ਼ ਬਾਕਸ ਬਾਅਦ ਵਿਚ ਦੁਕਾਨ ਤੋਂ ਕੁਝ ਹੀ ਦੂਰੀ ਤੇ ਬਰਾਮਦ ਹੋਇਆ। ਸੀਸੀਟੀਵੀ ਫੁਟੇਜ ਵਿਚ ਤਿੰਨ ਸ਼ੱਕੀ ਵਿਅਕਤੀ ਦੁਕਾਨ ’ਚ ਦਾਖ਼ਲ ਹੋ ਕੇ ਚੋਰੀ ਕਰਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰੇਲਵੇ ਲਾਈਨ ਨੇੜੇ ਹੋਣ ਕਾਰਨ ਚੋਰਾਂ ਨੇ ਲੰਘਦੀਆਂ ਟ੍ਰੇਨਾਂ ਦੇ ਰੌਲੇ ਦਾ ਫ਼ਾਇਦਾ ਚੁੱਕ ਕੇ ਸ਼ਟਰ ਤੋੜਿਆ ਤਾਂ ਜੋ ਆਲੇ-ਦੁਆਲੇ ਕਿਸੇ ਨੂੰ ਖੜਕਾ ਨਾ ਸੁਣੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।