ਹੋਣਹਾਰ ਧੀਆਂ ਦੀ ਪੜ੍ਹਾਈ ਨੂੰ ਮਿਲਿਆ ਸਹਾਰਾ, ਸਟੇਸ਼ਨਰੀ ਵੰਡੀ ਹੋਣਹਾਰ ਧੀਆਂ ਦੀ ਪੜ੍ਹਾਈ ਨੂੰ ਮਿਲਿਆ ਸਹਾਰਾ, ਸਟੇਸ਼ਨਰੀ ਵੰਡੀ
Publish Date: Sat, 24 Oct 2026 06:03 PM (IST)
Updated Date: Sun, 25 Oct 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਭਾਈ ਘਨੱਈਆ ਜੀ ਕੇਅਰ ਸਰਵਿਸ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ’ਚ 70 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਉਪਰਾਲਾ ਸੁਸਾਇਟੀ ਦੇ ਪੈਟਰਨ ਬੀ.ਕੇ. ਗੋਇਲ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸੁਸਾਇਟੀ ਵੱਲੋਂ ਮੁਹਾਲੀ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਸਿਲਾਈ-ਕਢਾਈ, ਸਕਿਨ ਅਤੇ ਹੇਅਰ ਕੇਅਰ, ਕੰਪਿਊਟਰ ਅਤੇ ਮੋਬਾਈਲ ਰਿਪੇਅਰਿੰਗ ਵਰਗੇ ਤਕਨੀਕੀ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ’ਚ ਸਿਖਲਾਈ ਪ੍ਰਾਪਤ ਕਰਨ ਦੇ ਨਾਲ ਆਪਣੀ ਸਕੂਲੀ ਪੜ੍ਹਾਈ ਵਿਚ ਚੰਗੇ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਸ ਮੁਹਿੰਮ ਤਹਿਤ ਪਹਿਲ ਦੇ ਆਧਾਰ ’ਤੇ ਸਟੇਸ਼ਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਸੁਸਾਇਟੀ ਦੇ ਚੇਅਰਮੈਨ ਕੇ.ਕੇ. ਸੈਣੀ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਹੋਣਹਾਰ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਉਨ੍ਹਾਂ ਨੂੰ ਸਿੱਖਿਆ ਜਾਰੀ ਰੱਖਣ ਲਈ ਸਹਿਯੋਗ ਦੇਣਾ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਸਿਖਲਾਈ ਰਾਹੀਂ ਲੜਕੀਆਂ ਨੂੰ ਹੁਨਰਮੰਦ ਅਤੇ ਆਤਮ-ਨਿਰਭਰ ਬਣਾਉਣ ਦੇ ਨਾਲ ਉਨ੍ਹਾਂ ਦੀ ਸਕੂਲੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਵੀ ਸੁਸਾਇਟੀ ਦੀ ਤਰਜੀਹ ਹੈ। ਪੈਟਰਨ ਬੀ.ਕੇ. ਗੋਇਲ ਨੇ ਸਰਦੀਆਂ ਵਿਚ ਵਿਦਿਆਰਥਣਾਂ ਨੂੰ ਠੰਢ ਤੋਂ ਬਚਾਉਣ ਲਈ ਮੁਫ਼ਤ ਜੈਕਟਾਂ ਵੰਡਣ ਦਾ ਐਲਾਨ ਵੀ ਕੀਤਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਵੜਾ, ਜਨਰਲ ਸਕੱਤਰ ਨਰੇਸ਼ ਵਰਮਾ, ਪ੍ਰੈੱਸ ਸਕੱਤਰ ਸਤੀਸ਼ ਚੰਦਰ ਸੈਣੀ, ਸੀਨੀਅਰ ਮੈਂਬਰ ਹਰਿੰਦਰ ਪਾਲ ਸਿੰਘ, ਲਾਇਬ੍ਰੇਰੀ ਇੰਚਾਰਜ, ਟੀਚਰ ਸਿਮਰਨ, ਪੂਨਮ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਆਗੂਆਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾਲ ਲੋੜਵੰਦ ਅਤੇ ਹੋਣਹਾਰ ਵਿਦਿਆਰਥਣਾਂ ਨੂੰ ਸਿੱਖਿਆ ਦੇ ਖੇਤਰ ਵਿਚ ਸਹਾਇਤਾ ਮਿਲਣ ਦੇ ਨਾਲ-ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਦਾ ਹੈ।